ਬ੍ਰਿਟੇਨ 'ਚ ਭਾਰਤੀ ਮੁਲ ਦੀ 20 ਸਾਲਾਂ ਮੁਟਿਆਰ ਨਾਲ ਦੁਰਵਿਵਹਾਰ: 'ਨਸਲੀ ਹਮਲਾ' ਕਰ ਕੀਤਾ ਬਲਾਤਕਾਰ, ਦੋਸ਼ੀ CCTV 'ਚ ਕੈਦ, ਭਾਰਤੀ ਭਾਈਚਾਰੇ 'ਚ ਰੋਸ
ਬ੍ਰਿਟੇਨ ਤੋਂ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਭਾਰਤੀ ਮੂਲ ਦੀ 20 ਸਾਲਾਂ ਦੀ ਇੱਕ ਮੁਟਿਆਰ ਉੱਤੇ ਨਸਲੀ ਹਮਲਾ ਕਰਕੇ ਰੇਪ ਕੀਤਾ ਗਿਆ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਕੋਈ..

ਬ੍ਰਿਟੇਨ ਦੀ ਪੁਲਿਸ ਨੇ ਉੱਤਰੀ ਇੰਗਲੈਂਡ ‘ਚ 20 ਸਾਲਾ ਲੜਕੀ ਨਾਲ ਹੋਏ ਬਲਾਤਕਾਰ ਮਾਮਲੇ ‘ਚ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਜਾਣਕਾਰੀ ਦੇਣ। ਸ਼ੱਕੀ ਵਿਅਕਤੀ ਇੰਗਲੈਂਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਪੀੜਤਾ ਭਾਰਤੀ ਮੂਲ ਦੀ ਹੈ।
‘ਵੈਸਟ ਮਿਡਲੈਂਡਜ਼ ਪੁਲਿਸ’ ਮੁਤਾਬਕ, ਸ਼ਨੀਵਾਰ ਯਾਨੀਕਿ 25 ਅਕਤੂਬਰ ਦੀ ਸ਼ਾਮ ਵੌਲਸਾਲ ਦੇ ਪਾਰਕ ਹਾਲ ਇਲਾਕੇ ‘ਚ ਸੜਕ ‘ਤੇ ਇੱਕ ਔਰਤ ਦੇ ਸੰਕਟ ‘ਚ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਨੂੰ ਨਸਲੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।
ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ, ਮਾਮਲੇ ਦੀ ਜਾਂਚ ਕਰ ਰਹੇ ‘ਡਿਟੈਕਟਿਵ ਸੁਪਰਇੰਟੈਂਡੈਂਟ’ (ਡੀ.ਐਸ.) ਰੋਨਨ ਟਾਇਰਰ ਨੇ ਕਿਹਾ, “ਇਹ ਇਕ ਨੌਜਵਾਨ ਲੜਕੀ ‘ਤੇ ਬਹੁਤ ਹੀ ਭਿਆਨਕ ਹਮਲਾ ਸੀ। ਅਸੀਂ ਦੋਸ਼ੀ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਟੀਮ ਸਬੂਤ ਇਕੱਠੇ ਕਰ ਰਹੀ ਹੈ ਅਤੇ ਸ਼ੱਕੀ ਦੀ ਪਛਾਣ ਲਈ ਕੰਮ ਕਰ ਰਹੀ ਹੈ ਤਾਂ ਜੋ ਉਸਨੂੰ ਜਲਦੀ ਹਿਰਾਸਤ ‘ਚ ਲਿਆ ਜਾ ਸਕੇ।”
ਪੁਲਿਸ ਨੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਉਸ ਵੇਲੇ ਇਲਾਕੇ ‘ਚ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਆ ਹੋਵੇ ਜਾਂ ਉਸਦੇ ਕੋਲ ਕੋਈ ਸੀਸੀਟੀਵੀ ਫੁਟੇਜ ਹੋਵੇ, ਤਾਂ ਉਹ ਜਾਣਕਾਰੀ ਪੁਲਿਸ ਨਾਲ ਸਾਂਝੀ ਕਰੇ। ਪੁਲਿਸ ਦੇ ਮੁਤਾਬਕ, ਹਮਲਾਵਰ ਦੀ ਉਮਰ ਤਕਰੀਬਨ 30 ਸਾਲ ਹੈ, ਉਹ ਗੋਰਾ ਆਦਮੀ ਹੈ, ਛੋਟੇ ਵਾਲ ਰੱਖਦਾ ਹੈ ਅਤੇ ਹਮਲੇ ਦੇ ਸਮੇਂ ਕਾਲੇ ਕੱਪੜੇ ਪਹਿਨੇ ਹੋਏ ਸਨ।
ਸਥਾਨਕ ਭਾਈਚਾਰੇ ਦਾ ਕਹਿਣਾ ਹੈ ਕਿ ਪੀੜਤਾ ਭਾਰਤੀ ਮੂਲ ਦੀ ਔਰਤ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਨੇੜਲੇ ਓਲਡਬਰੀ ਇਲਾਕੇ ‘ਚ ਇੱਕ ਬ੍ਰਿਟਿਸ਼ ਸਿੱਖ ਮਹਿਲਾ ਨਾਲ ਵੀ ਉਸਦੀ ‘ਨਸਲ’ ਦੇ ਕਾਰਨ ਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਡੀ.ਐਸ. ਟਾਇਰਰ ਨੇ ਕਿਹਾ ਕਿ ਇਸ ਸਮੇਂ ਦੋਵੇਂ ਮਾਮਲਿਆਂ ਨੂੰ ਇੱਕ-ਦੂਜੇ ਨਾਲ ਨਹੀਂ ਜੋੜਿਆ ਗਿਆ।
ਵਾਲਸਾਲ ਪੁਲਿਸ ਦੇ ‘ਚੀਫ਼ ਸੁਪਰਿੰਟੈਂਡੈਂਟ’ ਫਿਲ ਡਾਲਬੀ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਥਾਨਕ ਭਾਈਚਾਰੇ ‘ਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ, ਇਸ ਲਈ ਇਲਾਕੇ ‘ਚ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ। ‘ਸਿੱਖ ਫੈਡਰੇਸ਼ਨ ਯੂਕੇ’ ਵੱਲੋਂ ਦੱਸਿਆ ਗਿਆ ਕਿ ਵਾਲਸਾਲ ਦੀ ਪੀੜਤਾ ਪੰਜਾਬੀ ਮਹਿਲਾ ਹੈ ਅਤੇ ਦੋਸ਼ੀ ਨੇ ਉਸਦੇ ਘਰ ਦਾ ਦਰਵਾਜ਼ਾ ਤੋੜ ਕੇ ਇਸ ਘਟਨਾ ਨੂੰ ਅੰਜਾਮ ਦਿੱਤੀ।





















