ਵਾਸ਼ਿੰਗਟਨ : ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਪਾਰਸ ਝਾਅ (21) ਨੇ ਰਟਜਰਸ ਯੂਨੀਵਰਸਿਟੀ ਦੇ ਕੰਪਿਊਟਰ ਨੈਟਵਰਕ 'ਤੇ ਵੱਡੇ ਪੱਧਰ 'ਤੇ ਕੀਤੇ ਗਏ ਸਾਈਬਰ ਹਮਲੇ ਦੇ ਜੁਰਮ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ 'ਚ ਉਸ ਨੂੰ ਵੱਧ ਤੋਂ ਵੱਧ ਦਸ ਸਾਲ ਦੀ ਸਜ਼ਾ ਅਤੇ ਢਾਈ ਲੱਖ ਡਾਲਰ (ਕਰੀਬ 1.6 ਕਰੋੜ ਰੁਪਏ) ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਜ਼ਾ ਦਾ ਐਲਾਨ ਅਗਲੇ ਸਾਲ 13 ਮਾਰਚ ਨੂੰ ਹੋਵੇਗਾ। ਅਮਰੀਕੀ ਨਿਆ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਨਿਊਜਰਸੀ ਦੇ ਪਾਰਸ ਝਾਅ ਦੇ ਨਾਲ ਪੈਂਸਿਲਵੇਨੀਆ ਦੇ ਜੋਸ਼ੀਆ ਵ੍ਹਾਈਟ (20) ਅਤੇ ਲੁਇਸਿਆਨਾ ਦੇ ਡਾਲਟਨ ਨੋਰਮਨ (21) ਨੇ ਆਪਣੇ ਜੁਰਮ ਨੂੰ ਸਵੀਕਾਰ ਕੀਤਾ ਹੈ। ਪਾਰਸ ਨੇ ਨਿਊਜਰਸੀ ਦੇ ਟ੫ੈਂਟਨ ਫੈਡਰਲ ਕੋਰਟ ਦੇ ਜੱਜ ਮਾਈਕਲ ਸ਼ਿਪ ਦੇ ਸਾਹਮਣੇ ਸਵੀਕਾਰ ਕੀਤਾ ਕਿ ਰਟਜਰਸ ਯੂਨੀਵਰਸਿਟੀ ਦੇ ਕੰਪਿਊਟਰਾਂ ਨੂੰ ਹੈਕ ਕਰਨ 'ਚ ਉਸਦੀ ਭੂਮਿਕਾ ਸੀ। ਇਨ੍ਹਾਂ ਲੋਕਾਂ ਦੀ ਕਾਰਸਤਾਨੀ ਕਾਰਨ ਯੂਨੀਵਰਸਿਟੀ ਦੀ ਕੰਪਿਊਟਰ ਪ੍ਰਣਾਲੀ 'ਚ ਕਈ ਦਿਨਾਂ ਤਕ ਰੁਕਾਵਟ ਰਹੀ। ਇਸ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੀ ਸਿੱਖਿਆ 'ਤੇ ਅਸਰ ਪਿਆ। ਕੋਰਟ ਦਸਤਾਵੇਜ਼ਾਂ ਦੇ ਮੁਤਾਬਕ, ਪਾਰਸ ਨੇ ਨਵੰਬਰ, 2014 ਤੋਂ ਸਤੰਬਰ 2016 ਦੌਰਾਨ ਯੂਨੀਵਰਸਿਟੀ ਦੇ ਕੰਪਿਊਟਰ ਨੈਟਵਰਕ ਨੂੰ ਕਈ ਵਾਰੀ ਨਿਸ਼ਾਨਾ ਬਣਾਇਆ ਸੀ।