ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਔਰਤ ਨੂੰ ਨੌ ਸਾਲ ਦੀ ਮਤਰੱਈ ਧੀ ਦੇ ਕਤਲ ਦਾ ਦੋਸ਼ੀ ਪਾਇਆ ਗਿਆ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਤੇ ਇਸ ਜ਼ੁਰਮ ‘ਚ ਉਸ ਨੂੰ 25 ਸਾਲ ਤਕ ਦੀ ਕੈਦ ਹੋ ਸਕਦੀ ਹੈ। ਘਟਨਾ 2016 ਦੀ ਹੈ ਜਿਸ ‘ਚ 55 ਸਾਲਾ ਦੀ ਸ਼ਾਮਦਈ ਅਰਜੁਨ ਨੇ ਅਸਦੀਪ ਕੌਰ ਦਾ ਗਲ ਘੁੱਟ ਕੇ ਕਤਲ ਕੀਤਾ ਸੀ।

ਕਾਰਜਕਾਰੀ ਡਿਸਟ੍ਰਿਕਟ ਅਟਾਰਨੀ ਜੌਨ ਰਿਆਨ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ, “ਬੇਵੱਸ ਬੱਚੀ ਨਾਲ ਹੋਇਆ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ। ਉਸ ਦੀ ਦੇਖਭਾਲ ਮਤਰੱਈ ਮਾਂ ਨੇ ਕਰਨੀ ਸੀ, ਪਰ ਉਸ ਨੇ ਹੀ ਗਲ ਘੁੱਟ ਦਿੱਤਾ। ਉਹ ਕਾਨੂੰਨਨ ਜ਼ਿਆਦਾ ਸਜ਼ਾ ਦੀ ਹੱਕਦਾਰ ਹੈ।” ਅਟਾਰਨੀ ਦੀ ਇਸ ਟਿੱਪਣੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਾਮਦਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ।

ਚਸ਼ਮਦੀਦ ਮੁਤਾਬਕ ਉਸ ਨੇ 19 ਅਗਸਤ, 2016 ਦੀ ਸ਼ਾਮ ਸ਼ਾਮਦਈ ਨੂੰ ਉਸ ਦੇ ਸਾਬਕਾ ਪਤੀ ਰੇਮੰਡ ਨਾਰਾਇਣ, 3 ਤੇ 5 ਸਾਲਾ ਦੇ ਦੋ ਬੱਚਿਆਂ ਨਾਲ ਕੁਈਨਜ਼ ਨੇੜਲੇ ਅਪਾਰਮੈਂਟ ਵਿੱਚੋਂ ਨਿਕਲਦੇ ਦੇਖਿਆ ਸੀ। ਉਸ ਸਮੇਂ ਚਸ਼ਮਦੀਦ ਨੇ ਅਸਦੀਪ ਬਾਰੇ ਪੁੱਛਿਆ ਤਾਂ ਸ਼ਾਮਦਈ ਨੇ ਕਿਹਾ ਉਹ ਬਾਥਰੂਮ ‘ਚ ਹੈ ਤੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ, ਉਹ ਉਨ੍ਹਾਂ ਨਾਲ ਆਵੇਗੀ।

ਬਾਅਦ ‘ਚ ਉਸ ਨੇ ਕਈ ਘੰਟਿਆਂ ਬਾਥਰੂਮ ਦੀ ਲਾਈਟ ਬਲਦੇ ਦੇਖੀ। ਇਸ ਤੋਂ ਬਾਅਦ ਉਸ ਨੇ ਪੀੜਤ ਦੇ ਪਿਓ ਸੁਖਜਿੰਦਰ ਨੂੰ ਫੋਨ ਕੀਤਾ। ਉਸ ਦੇ ਆਉਣ ਤੋਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਜਿੱਥੇ ਅਸਦੀਪ ਦੀ ਲਾਸ਼ ਬਾਥਟੱਬ ‘ਚ ਪਈ ਸੀ। ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸੀ।