ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਿਸ਼ਨ ਸ਼ਕਤੀ' ਨੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਭਾਰਤੀ ਸੈਟੇਲਾਈਟ ਦੇ ਖ਼ਤਮ ਹੋ ਜਾਣ ਨਾਲ ਪੁਲਾੜ ‘ਚ 400 ਟੁਕੜੇ ਹੋਏ ਹਨ। ਇਹ ਪੁਲਾੜ ‘ਚ ਚੱਕਰ ਕੱਟ ਰਹੇ ਹਨ।

ਇਸ ਨਾਲ ਆਈਐਸਐਸ ਤੇ ਉਸ ‘ਚ ਰਹਿਣ ਵਾਲੇ ਪੁਲਾੜ ਯਾਤਰੀਆਂ ਨੂੰ ਖ਼ਤਰਾ ਹੋ ਸਕਦਾ ਹੈ। ਇਸਰੋ ਨੇ 27 ਮਾਰਚ ਨੂੰ ਐਂਟੀ-ਸੈਟੇਲਾਈਟ ਮਿਸਾਈਲ ਦਾ ਟੈਸਟ ਕੀਤਾ ਸੀ ਜਿਸ ਨੂੰ ਹੇਠਲੀ ਕਲਾਸ ‘ਚ ਲਾਈਵ ਸੈਟੇਲਾਈਟ ਨੂੰ ਨਸ਼ਟ ਕਰਨ ‘ਚ ਕਾਮਯਾਬੀ ਮਿਲੀ ਸੀ।



ਨਾਸਾ ਮੁਖੀ ਜਿਮ ਬ੍ਰਾਈਡਨ ਸਟਾਈਨ ਆਪਣੇ ਕਰਮਚਾਰੀਆਂ ਨੂੰ ਸੰਬੋਧਨ ਕਰ ਰਹੇ ਸੀ। ਇਸ ‘ਚ ਉਨ੍ਹਾਂ ਕਿਹਾ, “ਅਸੀਂ ਭਾਰਤੀ ਸੈਟੇਲਾਈਟ ਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹੁਣ ਤਕ ਅਸੀਂ 10 ਸੈਮੀ ਜਾਂ ਉਸ ਤੋਂ ਵੱਡੇ 60 ਟੁਕੜਿਆਂ ਨੂੰ ਟ੍ਰੈਕ ਕੀਤਾ ਹੈ।”

ਬ੍ਰਾਈਡਨ ਸਟਾਈਨ ਮੁਤਾਬਕ, ’24 ਟੁਕੜੇ ਆਈਐਸਐਸ ਕੋਲ ਚੱਕਰ ਕੱਟ ਰਹੇ ਹਨ ਜੋ ਖ਼ਤਰਨਾਕ ਸਾਬਤ ਹੋ ਸਕਦੇ ਹਨ। ਸੈਟੇਲਾਈਟ ਨਸ਼ਟ ਕਰਨ ਤੋਂ ਬਾਅਦ ਮਲਬਾ ਆਈਐਸਐਸ ਉੱਤੇ ਪਹੁੰਚ ਗਿਆ ਹੈ। ਸਾਨੂੰ ਇਹ ਮਨਜ਼ੂਰ ਨਹੀਂ। ਨਾਸਾ ਦਾ ਰੁਖ ਇਸ ਮਾਮਲੇ ‘ਚ ਕਾਫੀ ਸਾਫ਼ ਹੈ।”

ਨਾਸਾ ਮੁਖੀ ਨੇ ਕਿਹਾ ਕਿ ਆਈਐਸਐਸ ਦੇ ਟੁਕੜਿਆਂ ਦੇ ਟਕਰਾਉਣ ਦਾ ਖ਼ਤਰਾ 44% ਤਕ ਵਧ ਚੁੱਕਿਆ ਹੈ। ਬੇਸ਼ੱਕ ਇਹ ਖ਼ਤਰਾ ਕੁਝ ਸਮੇਂ ਬਾਅਦ ਘੱਟ ਹੋ ਜਾਵੇਗਾ ਕਿਉਂਕਿ ਵਾਯੂਮੰਡਲ ‘ਚ ਪਹੁੰਚਣ ਨਾਲ ਮਲਬਾ ਸੜ੍ਹ ਜਾਵੇਗਾ।