ਵਾਸ਼ਿੰਗਟਨ ਡੀਸੀ: ਨਾਸਾ ਦੇ ਅਧਿਕਾਰੀਆਂ ਨੇ ਦੱਸਿਆ ਕਿ ‘ਅੰਤਰਰਾਸ਼ਟਰੀ ਪੁਲਾੜ ਸਟੇਸ਼ਨ’ (ਆਈਐਸਐਸ-ISS) ਨੂੰ ਵੀਰਵਾਰ ਨੂੰ ਥੋੜ੍ਹੇ ਸਮੇਂ ਲਈ ਬੇਕਾਬੂ ਹੋ ਗਿਆ ਸੀ, ਜਦੋਂ ਇੱਕ ਨਵੇਂ ਆਏ ਰੂਸੀ ਰਿਸਰਚ ਮੌਡਿਊਲ ਦੇ ਜੈੱਟ ਥ੍ਰਸਟਰ ਅਚਾਨਕ ਚੱਲ ਗਏ।
ਉਸ ਵੇਲੇ ਸਪੇਸ ਸਟੇਸ਼ਨ ’ਤੇ ਚਾਲਕ ਦਲ ਦੇ ਸੱਤ ਮੈਂਬਰ ਸਨ; ਜਿਨ੍ਹਾਂ ਵਿੱਚੋਂ ਦੋ ਰੂਸੀ, ਤਿੰਨ ਨਾਸਾ ਦੇ, ਇੱਕ ਜਾਪਾਨ ਦਾ ਅਤੇ ਇੱਕ ਇੱਕ ਯੂਰਪੀਅਨ ਪੁਲਾੜ ਏਜੰਸੀ ਦਾ ਫ਼ਰੈਂਚ ਪੁਲਾੜ ਯਾਤਰੀ ਮੌਜੂਦ ਸਨ ਪਰ ਉਹ ਸਾਰੇ ਹੀ ਖ਼ਤਰੇ ਤੋਂ ਬਾਹਰ ਬਣੇ ਰਹੇ ਸਨ। ਇਹ ਜਾਣਕਾਰੀ ਨਾਸਾ ਤੇ ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੇ ਦਿੱਤੀ।
ਪਰ ਇਸ ਖਰਾਬੀ ਨੇ ਨਾਸਾ ਨੂੰ ਘੱਟੋ-ਘੱਟ 3 ਅਗਸਤ ਤੱਕ ਆਪਣੀਆਂ ਸਾਰੀਆਂ ਪੁਲਾੜ ਗਤੀਵਿਧੀਆਂ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਦੱਸ ਦੇਈਏ ਕਿ 3 ਅਗਸਤ ਨੂੰ ਹੀ ਬੋਇੰਗ ਦੇ ਨਵੇਂ ਸੀਐਸਟੀ-100 ਸਟਾਰਲਾਈਨਰ ਕੈਪਸੂਲ ਨੇ ਸਪੇਸ ਸਟੇਸ਼ਨ ਜਾਣ ਲਈ ਉਡਾਣ ਭਰਨੀ ਹੈ। ਸਟਾਰਲਾਈਨਰ ਨੂੰ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਐਟਲਸ ਵੀ ਰਾਕੇਟ ਰਾਹੀਂ ਸ਼ੁੱਕਰਵਾਰ ਨੂੰ ਪੁਲਾੜ ’ਚ ਭੇਜਿਆ ਜਾਣਾ ਹੈ।
ਮਲਟੀਪਰਪਜ਼ ਨੌਕਾ ਮੋਡਿਊਲ ਦੇ ਪੁਲਾੜ ਸਟੇਸ਼ਨ 'ਤੇ ਪੁੱਜਣ ਤੋਂ ਤਿੰਨ ਘੰਟੇ ਬਾਅਦ ਵੀਰਵਾਰ ਨੂੰ ਸਟੇਸ਼ਨ ਦੇ ਬੇਕਾਬੂ ਹੋਣ ਦੀ ਘਟਨਾ ਵਾਪਰੀ। ਅਮਰੀਕੀ ਸਪੇਸ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਡਿਊਲ ਦੇ ਜੈੱਟਾਂ ਨੂੰ ਮੁੜ ਚਾਲੂ ਕੀਤਾ ਗਿਆ, ਜਿਸ ਕਾਰਨ ਧਰਤੀ ਤੋਂ 250 ਮੀਲ ਦੀ ਦੂਰੀ 'ਤੇ ਮੌਜੂਦਾ ਸਮੁੱਚਾ ਸਪੇਸ ਸਟੇਸ਼ਨ ਆਪਣੀ ਆਮ ਉਡਾਣ ਸਥਿਤੀ ਤੋਂ ਬਾਹਰ ਹੋ ਗਿਆ।
ਨਾਸਾ ਦੇ ਪੁਲਾੜ ਸਟੇਸ਼ਨ ਦੇ ਮੈਨੇਜਰ ਜੋਏਲ ਮੋਂਟਾਲਬਾਨੋ ਅਨੁਸਾਰ, "ਐਟੀਚਿਊਡਨਲ ਕੰਟਰੋਲ 45 ਮਿੰਟਾਂ ਤੱਕ ਗੁਆਚਿਆ ਰਿਹਾ। ਇਹ ਹਾਲਤ ਤਦ ਤੱਕ ਰਹੀ, ਜਦੋਂ ਤੱਕ ਧਰਤੀ ਉੱਤੇ ਮੌਜੂਦ ਫ਼ਲਾਈਟ ਟੀਮਾਂ ਨੇ ਸਪੇਸ ਸਟੇਸ਼ਨ ਦੇ ਓਰੀਐਂਟੇਸ਼ਨ ਨੂੰ ਬਹਾਲ ਨਹੀਂ ਕਰ ਦਿੱਤਾ। ਇਸ ਲਈ ਥ੍ਰੱਸਟਰ ਪੁਲਾੜ ’ਚ ਹੀ ਮੌਜੂਦ ਕਿਸੇ ਹੋਰ ਮੌਡਿਊਲ ਉੱਤੇ ਐਕਟੀਵੇਟ ਕੀਤੇ ਗਏ।
ਆਰਆਈਏ ਨੇ ਟੈਕਸਾਸ ਦੇ ਹਿਊਸਟਨ ਵਿੱਚ ਜੌਹਨਸਨ ਸਪੇਸ ਸੈਂਟਰ ਵਿੱਚ ਨਾਸਾ ਦੇ ਮਾਹਿਰਾਂ ਮੁਤਾਬਕ ਅਜਿਹਾ ਦੋ ਮੌਡਿਯੂਲਜ਼ ਵਿਚਾਲੇ ਖਿੱਚੋਤਾਣ ਕਾਰਣ ਵਾਪਰੀ। ਅਖੀਰ ‘NAUKA’ (ਨੌਕਾ) ਦੇ ਇੰਜਣ ਸਵਿੱਚ ਆੱਫ਼ ਕਰਨੇ ਪਏ। ਤਦ ਜਾ ਕੇ ਕਿਤੇ ਸਪੇਸ ਸਟੇਸ਼ਨ ਸਥਿਰ ਹੋ ਸਕਿਆ ਤੇ ਫਿਰ ਉਸ ਦਾ ਓਰੀਐਂਟੇਸ਼ਨ ਬਹਾਲ ਕੀਤਾ ਗਿਆ ਤੇ ਤਦ ਜਾ ਕੇ ਕਿਤੇ ਸਥਿਤੀ ਆਮ ਵਰਗੀ ਹੋ ਸਕੀ। ਤਦ ਤੱਕ ਪੁਲਾੜ ਯਾਤਰੀਆਂ ਦੇ ਮਨਾਂ ਵਿੱਚ ਥੋੜ੍ਹਾ ਤਣਾਅ ਜ਼ਰੂਰ ਬਣਿਆ ਰਿਹਾ।
ਮੋਂਟਾਲਬਾਨੋ ਨੇ ਦੱਸਿਆ ਕਿ ਇਸ ਵਿਘਨ ਦੌਰਾਨ ਅਮਲੇ ਨਾਲ ਸੰਪਰਕ ਦੋ ਵਾਰ ਬਹੁਤ ਹੀ ਥੋੜ੍ਹੇ ਸਮੇਂ ਲਈ ਟੁੱਟਿਆ ਰਿਹਾ ਸੀ ਪਰ ਅਮਲੇ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਤੁਰੰਤ ਖ਼ਤਰਾ ਨਹੀਂ ਸੀ।”
ਸਪੇਸ ਸਟੇਸ਼ਨ ਦੇ ਸਧਾਰਣ ਰੁਝਾਨ ਵਿੱਚ ਰੁਕਾਵਟ ਦਾ ਪਤਾ ਪਹਿਲਾਂ ਜ਼ਮੀਨ ਤੇ ਆਟੋਮੈਟਿਕ ਸੈਂਸਰਾਂ ਦੁਆਰਾ ਲੱਗਾ ਸੀ, ਅਤੇ "ਅਮਲੇ ਨੇ ਅਸਲ ਵਿੱਚ ਕੋਈ ਗਤੀਵਿਧੀ ਮਹਿਸੂਸ ਨਹੀਂ ਕੀਤੀ ਸੀ।"
ਨਾਸਾ ਦੇ ਅਧਿਕਾਰੀਆਂ ਨੇ ਦੱਸਿਆ ਕਿ, ਰੂਸ ਦੀ ਪੁਲਾੜ ਏਜੰਸੀ ਰੌਸਕੋਸਮੌਸ ਦੇ ਨੌਕਾ ਮੌਡਿਯੂਲ ਦੇ ਥ੍ਰਸਟਰਾਂ ਦੀ ਖਰਾਬੀ ਦਾ ਕਾਰਨ ਕੀ ਸੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੁਲਾੜ ਸਟੇਸ਼ਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪੁੱਜਾ ਹੈ ਨਹੀਂ, ਇਸ ਦੇ ਵੀ ਤੁਰੰਤ ਕੋਈ ਸੰਕੇਤ ਨਹੀਂ ਮਿਲੇ ਹਨ।
ਪਿਛਲੇ ਹਫਤੇ ਕਜ਼ਾਖਸਤਾਨ ਦੇ ਬੈਕੋਨੂਰ ਕੌਸਮੋਡ੍ਰੋਮ ਤੋਂ ਇਸ ਦੇ ਲਾਂਚ ਹੋਣ ਤੋਂ ਬਾਅਦ, ਮੌਡਿਯੂਲ ਵਿੱਚ ਕਈ ਕਿਸਮ ਦੀਆਂ ਉਲਝਣਾਂ ਮਹਿਸੂਸ ਕੀਤੀਆਂ ਗਈਆਂ ਸਨ, ਜਿਸ ਨਾਲ ਚਿੰਤਾ ਪੈਦਾ ਹੋਈ ਸੀ ਕਿ ਪਤਾ ਨਹੀਂ ਡੌਕਿੰਗ ਪ੍ਰਕਿਰਿਆ ਸਹੀ ਤਰੀਕੇ ਚੱਲੇਗੀ ਜਾਂ ਨਹੀਂ।