ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿਚਾਲੇ ਟਕਰਾਅ ਵਧ ਗਿਆ ਹੈ। ਅਮਰੀਕਾ ਨੇ ਖਾੜੀ ਖਿੱਤੇ ’ਚ ਫੌਜ ਭੇਜਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਇਰਾਨ ਨੇ ਧਮਕੀ ਦਿੱਤੀ ਹੈ ਕਿ ਜੋ ਵੀ ਦੇਸ਼ ਹਮਲਾ ਕਰੇਗਾ ਉਹ ਆਪਣੇ ਇਲਾਕੇ ਨੂੰ ‘ਮੁੱਖ ਜੰਗ ਦਾ ਮੈਦਾਨ’ ਬਣਦਾ ਦੇਖੇਗਾ। ਬੇਸ਼ੱਕ ਅਮਰੀਕਾ ਨੇ ਕਿਹਾ ਹੈ ਕਿ ਜੰਗ ਛੇੜਨ ਦਾ ਕੋਈ ਇਰਾਦਾ ਨਹੀਂ ਪਰ ਖਾੜੀ ਵਿੱਚ ਫੌਜ ਭੇਜਣ ਮਗਰੋਂ ਟਕਰਾਅ ਹੋਰ ਵਧੇਗਾ। ਦਿਲਚਸਪ ਗੱਲ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਹਿਰਾਨ ’ਤੇ ਨਵੀਆਂ ਪਾਬੰਦੀਆਂ ਲਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਨੇ ਖਾੜੀ ਖਿੱਤੇ ’ਚ ਫੌਜ ਭੇਜਣ ਦਾ ਐਲਾਨ ਕਰ ਦਿੱਤਾ। ਅਚਾਨਕ ਅਮਰੀਕੀ ਹਰਕਤ ਵੇਖ ਕੇ ਇਰਾਨ ਦੇ ਉਸ ਦੇ ਹਮਾਇਤੀ ਮੁਲਕ ਵੀ ਚੌਕਸ ਹੋ ਗਏ ਹਨ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਦੇਸ਼ ਇਰਾਨ ’ਤੇ ਹਮਲਾ ਕਰੇਗਾ ਉਹ ਆਪਣੇ ਇਲਾਕੇ ਨੂੰ ‘ਮੁੱਖ ਜੰਗ ਦਾ ਮੈਦਾਨ’ ਬਣਦਾ ਦੇਖੇਗਾ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਮੇਜਰ ਜਨਰਲ ਹੁਸੈਨ ਸਲਾਮੀ ਨੇ ਕਿਹਾ ਕਿ ਇਰਾਨ ਕਿਸੇ ਵੀ ਸਥਿਤੀ ਲਈ ਤਿਆਰ ਹੈ। ਉਨ੍ਹਾਂ ਕਿਹਾ, ‘ਜੋ ਵੀ ਆਪਣੇ ਮੁਲਕ ਨੂੰ ਜੰਗ ਦਾ ਮੈਦਾਨ ਬਣਿਆ ਦੇਖਣਾ ਚਾਹੁੰਦਾ ਹੈ, ਉਹ ਅੱਗੇ ਵਧੇ। ਅਸੀਂ ਇਰਾਨ ’ਚ ਕਿਸੇ ਵੀ ਤਰ੍ਹਾਂ ਦੀ ਜੰਗ ਨਹੀਂ ਹੋਣ ਦਿਆਂਗੇ। ਸਾਨੂੰ ਆਸ ਹੈ ਕਿ ਉਹ ਕੋਈ ਰਣਨੀਤਕ ਗਲਤੀ ਨਹੀਂ ਕਰਨਗੇ।’ ਇਸੇ ਦੌਰਾਨ ਇਰਾਨ ਨੇ ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹੋਏ ਹਮਲੇ ਪਿੱਛੇ ਤਹਿਰਾਨ ਦਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹੋਏ ਹਮਲੇ ਮਗਰੋਂ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਇਹ ਉਨ੍ਹਾਂ ਵੱਲੋਂ ਲਾਈਆਂ ਗਈਆਂ ਹੁਣ ਤੱਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਹਨ ਪਰ ਉਨ੍ਹਾਂ ਨਾਲ ਹੀ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਕਿਸੇ ਵੀ ਫੌਜੀ ਹਮਲੇ ਦੀ ਕੋਈ ਯੋਜਨਾ ਨਹੀਂ। ਅਮਰੀਕਾ ਵੱਲੋਂ ਇਹ ਦਾਅਵਾ ਕੀਤੇ ਜਾਣ ਕਿ ਤਹਿਰਾਨ ਨੇ ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲਾ ਕੀਤਾ ਹੈ, ਮਗਰੋਂ ਅਮਰੀਕਾ ਨੇ ਇਰਾਨ ਦੀ ਕੇਂਦਰੀ ਬੈਂਕ ’ਤੇ ਸਖ਼ਤੀ ਕੀਤੀ ਹੈ। ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਕਿ ਜੂਨ ਵਿੱਚ ਅਮਰੀਕੀ ਡਰੋਨ ’ਤੇ ਹਮਲੇ ਸਮੇਤ ਹੋਏ ਹੋਰ ਹਮਲੇ ਇਰਾਨ ਦੇ ਵੱਧ ਰਹੇ ਹਮਲਾਵਰ ਰੁਖ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀ ਅਪੀਲ ’ਤੇ ਅਮਰੀਕਾ ਆਪਣੇ ਫੌਜੀ ਦਸਤੇ ਖਾੜੀ ਖਿੱਤੇ ’ਚ ਭੇਜੇਗਾ।