Iran On IAEA: ਈਰਾਨੀ ਸੰਸਦ ਨੇ ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਗਰਾਨ ਸੰਸਥਾ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਨਾਲ ਸਹਿਯੋਗ ਨੂੰ ਮੁਅੱਤਲ ਕਰਨ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਇਟਰਜ਼ ਨੇ ਨੂਰਨਿਊਜ਼ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਇਸ ਮਾਮਲੇ 'ਤੇ, ਤਹਿਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਸੋਮਵਾਰ (22 ਜੂਨ, 2025) ਨੂੰ ਕਮੇਟੀ ਦੇ ਬੁਲਾਰੇ ਇਬਰਾਹਿਮ ਰੇਜ਼ਾਈ ਦੇ ਹਵਾਲੇ ਨਾਲ ਕਿਹਾ ਕਿ ਬਿੱਲ ਦੇ ਅਨੁਸਾਰ, ਨਿਗਰਾਨੀ ਕੈਮਰੇ ਲਗਾਉਣਾ, ਨਿਰੀਖਣ ਦੀ ਆਗਿਆ ਦੇਣਾ ਤੇ IAEA ਨੂੰ ਰਿਪੋਰਟਾਂ ਜਮ੍ਹਾਂ ਕਰਵਾਉਣਾ ਉਦੋਂ ਤੱਕ ਮੁਅੱਤਲ ਰਹੇਗਾ ਜਦੋਂ ਤੱਕ ਪ੍ਰਮਾਣੂ ਸਹੂਲਤਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਹੋ ਜਾਂਦੀ। ਹਾਲਾਂਕਿ, ਸੰਸਦ ਨੂੰ ਅਜੇ ਵੀ ਇਸ ਸਬੰਧ ਵਿੱਚ ਇੱਕ ਪੂਰਨ ਸੈਸ਼ਨ ਵਿੱਚ ਬਿੱਲ ਨੂੰ ਮਨਜ਼ੂਰੀ ਦੇਣੀ ਹੈ।
ਈਰਾਨ ਅਤੇ IAEA ਵਿਚਕਾਰ ਸਬੰਧ 2000 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਤਣਾਅਪੂਰਨ ਰਹੇ ਹਨ, ਖਾਸ ਕਰਕੇ 2015 ਵਿੱਚ ਸੰਯੁਕਤ ਵਿਆਪਕ ਕਾਰਜ ਯੋਜਨਾ (JCPOA) ਯਾਨੀ ਈਰਾਨ ਪ੍ਰਮਾਣੂ ਸਮਝੌਤੇ ਤੋਂ ਬਾਅਦ ਕੁਝ ਰਾਹਤ ਮਿਲੀ। ਹਾਲਾਂਕਿ, 2018 ਵਿੱਚ ਅਮਰੀਕਾ ਦੇ ਸਮਝੌਤੇ ਤੋਂ ਬਾਹਰ ਹੋਣ ਤੋਂ ਬਾਅਦ ਈਰਾਨ ਨੇ ਕਈ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਯੂਰੇਨੀਅਮ ਸੰਸ਼ੋਧਨ ਵਿੱਚ ਵਾਧਾ ਕੀਤਾ। IAEA ਕੈਮਰੇ ਅਤੇ ਨਿਰੀਖਣ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੀ ਨਿਗਰਾਨੀ ਦਾ ਇੱਕੋ ਇੱਕ ਭਰੋਸੇਯੋਗ ਸਰੋਤ ਰਹੇ ਹਨ। ਹੁਣ ਇਸ ਬਿੱਲ ਦੇ ਆਉਣ ਨਾਲ ਇਹ ਸਪੱਸ਼ਟ ਹੈ ਕਿ ਈਰਾਨ ਪਾਰਦਰਸ਼ਤਾ ਤੋਂ ਪਿੱਛੇ ਹਟਣ ਵੱਲ ਵਧ ਰਿਹਾ ਹੈ।
ਈਰਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲਾ
ਈਰਾਨ-ਇਜ਼ਰਾਈਲ ਯੁੱਧ ਦੌਰਾਨ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਠਿਕਾਣਿਆਂ 'ਤੇ ਹਮਲਾ ਕੀਤਾ। ਇਸਫਹਾਨ, ਫੋਰਡੋ ਤੇ ਨਤਾਨਜ਼ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ। ਅਮਰੀਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਾਰੀ ਸਮੱਗਰੀ ਨਸ਼ਟ ਕਰ ਦਿੱਤੀ। ਹਾਲਾਂਕਿ, ਈਰਾਨ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਕੋਲ ਇੰਨੀ ਸਮੱਗਰੀ ਬਚੀ ਹੈ ਕਿ ਉਹ 9 ਪ੍ਰਮਾਣੂ ਬੰਬ ਬਣਾ ਸਕਦਾ ਹੈ।