Iraq Fire Break Out: ਇਰਾਕ ਦੇ ਇਕ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 50 ਲੋਕਾਂ ਦੇ ਜਿਉਂਦੇ ਸੜ ਕੇ ਮਰਨ ਦੀ ਖ਼ਬਰ ਮਿਲੀ ਹੈ। ਖ਼ਬਰ ਏਜੰਸੀ ਏਐਫਪੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਰਾਕ ਦੇ ਅਲ-ਕੁਟ ਦੇ ਇਕ ਸੁਪਰਮਾਰਕੀਟ 'ਚ ਹੋਇਆ। ਵਾਇਰਲ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਇਮਾਰਤ ਦੇ ਵੱਡੇ ਹਿੱਸੇ ਨੂੰ ਅੱਗ ਨੇ ਘੇਰਿਆ ਹੋਇਆ ਹੈ ਅਤੇ ਵੱਡੇ ਪੈਮਾਨੇ 'ਤੇ ਧੂੰਆਂ ਨਿਕਲ ਰਿਹਾ ਹੈ।

ਹਾਦਸੇ ਨਾਲ ਜੁੜਿਆ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੰਜ ਮੰਜ਼ਿਲਾ ਇਮਾਰਤ ਨੂੰ ਅੱਗ ਦੀਆਂ ਲਪਟਾਂ ਨੇ ਘੇਰਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਾਸਿਤ ਸੂਬੇ ਦੇ ਗਵਰਨਰ ਮੁਹੰਮਦ ਅਲ-ਮਿਆਹੀ ਨੇ ਸਰਕਾਰੀ INA ਨਿਊਜ਼ ਏਜੰਸੀ ਨੂੰ ਦੱਸਿਆ, "ਇਸ ਵੱਡੇ ਸ਼ਾਪਿੰਗ ਮਾਲ ਵਿੱਚ ਲੱਗੀ ਅੱਗ ਕਾਰਨ ਲਗਭਗ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।" ਹਾਲਾਂਕਿ ਅੱਗ ਲੱਗਣ ਦਾ ਸਹੀ ਕਾਰਨ ਹਜੇ ਤੱਕ ਸਾਫ਼ ਨਹੀਂ ਹੋਇਆ, ਪਰ INA ਦੇ ਅਨੁਸਾਰ ਗਵਰਨਰ ਨੇ ਕਿਹਾ ਕਿ ਜਾਂਚ ਦੀ ਸ਼ੁਰੂਆਤੀ ਰਿਪੋਰਟ 48 ਘੰਟਿਆਂ ਦੇ ਅੰਦਰ ਜਾਰੀ ਕੀਤੀ ਜਾਵੇਗੀ।

 

 

 

ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦੀ ਘੋਸ਼ਣਾ

ਵਾਸਿਤ ਸੂਬੇ ਦੇ ਗਵਰਨਰ ਮੁਹੰਮਦ ਅਲ-ਮਿਆਹੀ ਨੇ ਦੱਸਿਆ ਕਿ ਅੱਗ ਇਕ ਹਾਈਪਰ ਮਾਰਕਿਟ ਅਤੇ ਇਕ ਰੈਸਟੋਰੈਂਟ ਵਿੱਚ ਲੱਗੀ। ਜਿਸ ਵੇਲੇ ਅੱਗ ਲੱਗੀ, ਉਸ ਸਮੇਂ ਕਈ ਲੋਕ ਖਾਣਾ ਖਾ ਰਹੇ ਸਨ ਅਤੇ ਖਰੀਦਦਾਰੀ ਕਰ ਰਹੇ ਸਨ। ਗਵਰਨਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਈ ਲੋਕਾਂ ਦੀ ਜਾਨ ਬਚਾਈ ਅਤੇ ਅੱਗ ਤੇ ਕਾਬੂ ਪਾਇਆ। ਇਸ ਦਰਦਨਾਕ ਹਾਦਸੇ ਦੇ ਚਲਦਿਆਂ ਪੂਰੇ ਇਰਾਕ 'ਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦੀ ਘੋਸ਼ਣਾ ਕੀਤੀ ਗਈ ਹੈ। INA ਦੀ ਰਿਪੋਰਟ ਮੁਤਾਬਕ ਗਵਰਨਰ ਮੁਹੰਮਦ ਅਲ-ਮਿਆਹੀ ਨੇ ਇਮਾਰਤ ਅਤੇ ਮਾਲ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।