Israel Attacks Iran: ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਭਿਆਨਕ ਹਵਾਈ ਹਮਲਿਆਂ ਨੂੰ 72 ਘੰਟੇ ਬੀਤ ਚੁੱਕੇ ਹਨ। ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ 406 ਈਰਾਨੀ ਨਾਗਰਿਕਾਂ ਤੇ ਸੈਨਿਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 654 ਲੋਕ ਜ਼ਖ਼ਮੀ ਹੋਏ ਹਨ। ਹਾਲਾਂਕਿ, ਈਰਾਨ ਨੇ ਇਸ ਅੰਕੜੇ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਸਿਰਫ 224 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਹਨ। ਇਸ ਦੇ ਨਾਲ ਹੀ, ਈਰਾਨੀ ਜਵਾਬੀ ਹਮਲਿਆਂ ਵਿੱਚ ਇਜ਼ਰਾਈਲ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਜ਼ਖਮੀ ਹੋਏ ਹਨ।
ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣੇ ਦੇਸ਼ ਤੋਂ ਤਹਿਰਾਨ ਤੱਕ ਇੱਕ 'ਹਵਾਈ ਕੋਰੀਡੋਰ' ਬਣਾਇਆ ਹੈ, ਜਿਸ ਰਾਹੀਂ ਉਹ ਹੁਣ ਬਿਨਾਂ ਕਿਸੇ ਰੁਕਾਵਟ ਦੇ ਤਹਿਰਾਨ ਤੱਕ ਹਵਾਈ ਹਮਲੇ ਕਰ ਸਕਦਾ ਹੈ। ਇਸ ਕੋਰੀਡੋਰ ਦੀ ਵਰਤੋਂ ਕਰਦੇ ਹੋਏ, ਇਜ਼ਰਾਈਲੀ ਹਵਾਈ ਸੈਨਾ ਨੇ ਈਰਾਨ ਦੇ ਮਸ਼ਹਾਦ ਹਵਾਈ ਅੱਡੇ 'ਤੇ 2,300 ਕਿਲੋਮੀਟਰ ਦੂਰ ਇੱਕ ਰਿਫਿਊਲਿੰਗ ਜਹਾਜ਼ ਨੂੰ ਨਿਸ਼ਾਨਾ ਬਣਾਇਆ ਤੇ ਇਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਫੌਜੀ ਤੇ ਪ੍ਰਮਾਣੂ ਠਿਕਾਣਿਆਂ 'ਤੇ ਵੱਡੇ ਹਮਲੇ
ਇਜ਼ਰਾਈਲ ਨੇ ਈਰਾਨ ਦੇ ਨਾਨਟੇਸ, ਇਸਫਾਹਾਨ ਤੇ ਫੋਰਡੋ ਪ੍ਰਮਾਣੂ ਸਥਾਨਾਂ 'ਤੇ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਵਿੱਚ ਯੂਰੇਨੀਅਮ ਸੰਸ਼ੋਧਨ ਮਸ਼ੀਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਤਹਿਰਾਨ ਅਤੇ ਹੋਰ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ, ਮਿਜ਼ਾਈਲ ਉਤਪਾਦਨ ਕੇਂਦਰਾਂ ਤੇ ਰਿਫਾਇਨਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਕਰਮਾਨਸ਼ਾਹ ਅਤੇ ਤਬਰੀਜ਼ ਵਿੱਚ ਮਿਜ਼ਾਈਲ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਜਦੋਂ ਕਿ ਤਹਿਰਾਨ ਦੇ ਮੇਹਰਾਬਾਦ ਹਵਾਈ ਅੱਡੇ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਚੋਟੀ ਦੀ ਫੌਜੀ ਲੀਡਰਸ਼ਿਪ ਅਤੇ ਵਿਗਿਆਨੀ ਮਾਰੇ ਗਏ
ਇਜ਼ਰਾਈਲੀ ਹਮਲਿਆਂ ਵਿੱਚ ਈਰਾਨ ਦੀ ਚੋਟੀ ਦੀ ਫੌਜੀ ਅਤੇ ਖੁਫੀਆ ਲੀਡਰਸ਼ਿਪ ਲਗਭਗ ਪੂਰੀ ਤਰ੍ਹਾਂ ਸਫਾਇਆ ਹੋ ਗਈ ਹੈ। ਮਾਰੇ ਗਏ ਸੀਨੀਅਰ ਅਧਿਕਾਰੀਆਂ ਵਿੱਚ ਸ਼ਾਮਲ ਹਨ:
ਮੇਜਰ ਜਨਰਲ ਮੁਹੰਮਦ ਬਘੇਰੀ (ਫੌਜ ਮੁਖੀ)
ਮੇਜਰ ਜਨਰਲ ਹੁਸੈਨ ਸਲਾਮੀ (IRGC ਕਮਾਂਡਰ)
ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ
ਜਨਰਲ ਅਮੀਰ ਅਲੀ ਹਾਜੀਜ਼ਾਦੇਹ
ਜਨਰਲ ਗੁਲਾਮਰੇਜ਼ਾ ਮਹਿਰਾਬੀ
ਜਨਰਲ ਮਹਿਦੀ ਰੱਬਾਨੀ
ਬ੍ਰਿਗੇਡੀਅਰ ਜਨਰਲ ਮੁਹੰਮਦ ਕਾਜ਼ਮੀ ਅਤੇ ਜਨਰਲ ਹਸਨ ਮੋਹਾਕੀਕ (IRGC ਖੁਫੀਆ ਮੁਖੀ ਅਤੇ ਡਿਪਟੀ)
ਅਲੀ ਸ਼ਮਖਾਨੀ (ਸੁਪਰੀਮ ਲੀਡਰ ਦੇ ਸਲਾਹਕਾਰ)
ਇਸ ਤੋਂ ਇਲਾਵਾ, ਇਜ਼ਰਾਈਲੀ ਹਮਲਿਆਂ ਵਿੱਚ ਕਈ ਪ੍ਰਮੁੱਖ ਈਰਾਨੀ ਪ੍ਰਮਾਣੂ ਵਿਗਿਆਨੀ ਮਾਰੇ ਗਏ ਹਨ
ਈਰਾਨ ਨੇ ਇਜ਼ਰਾਈਲ 'ਤੇ 100-200 ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਦਾਗੇ। ਇਨ੍ਹਾਂ ਵਿੱਚੋਂ ਕੁਝ ਆਇਰਨ ਡੋਮ ਨੂੰ ਚਕਮਾ ਦੇਣ ਵਿੱਚ ਸਫਲ ਰਹੇ ਅਤੇ ਤੇਲ ਅਵੀਵ ਵਿੱਚ ਕਈ ਇਮਾਰਤਾਂ ਤਬਾਹ ਹੋ ਗਈਆਂ। ਈਰਾਨ ਨੇ ਮੁੱਖ ਤੌਰ 'ਤੇ ਤੇਲ ਅਵੀਵ, ਰਾਮਤ ਗਾਨ, ਬਾਤ ਯਾਮ ਅਤੇ ਰੇਹੋਵੋਤ ਨੂੰ ਨਿਸ਼ਾਨਾ ਬਣਾਇਆ।
ਤਹਿਰਾਨ ਟਾਈਮਜ਼ ਦੇ ਅਨੁਸਾਰ, ਈਰਾਨ ਨੇ ਸੋਮਵਾਰ ਸਵੇਰੇ ਕਬਜ਼ੇ ਵਾਲੇ ਖੇਤਰਾਂ 'ਤੇ ਮਿਜ਼ਾਈਲਾਂ ਦਾਗੀਆਂ। ਇਸ ਵਿੱਚ ਹਾਈਫਾ, ਕਿਰਯਤ ਗਾਟ, ਨੇਗੇਵ ਮਾਰੂਥਲ ਅਤੇ ਡਿਮੋਨਾ ਕੰਪਲੈਕਸ ਸ਼ਾਮਲ ਹਨ। ਹਾਈਫਾ ਬੰਦਰਗਾਹ 'ਤੇ ਹਮਲੇ ਤੋਂ ਬਾਅਦ ਅੱਗ ਲੱਗ ਗਈ। ਈਰਾਨੀ ਫੌਜ ਨੇ ਵੀਜ਼ਮੈਨ ਸਾਇੰਸ ਇੰਸਟੀਚਿਊਟ ਨੂੰ ਵੀ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ, 150 ਤੋਂ ਵੱਧ ਫੌਜੀ ਤੇ ਖੁਫੀਆ ਠਿਕਾਣਿਆਂ 'ਤੇ ਹਮਲਾ ਕੀਤਾ ਗਿਆ।
ਈਰਾਨੀ ਫੌਜ ਨੇ ਇਸ ਹਮਲੇ ਵਿੱਚ "ਸ਼ਾਹਿਦ ਹਜ ਕਾਸਿਮ" ਮਿਜ਼ਾਈਲਾਂ ਦੀ ਵਰਤੋਂ ਕੀਤੀ, ਜਿਨ੍ਹਾਂ ਦਾ ਭਾਰ 660 ਤੋਂ 1540 ਪੌਂਡ ਤੱਕ ਸੀ। ਹਾਲਾਂਕਿ, ਜ਼ਿਆਦਾਤਰ ਮਿਜ਼ਾਈਲਾਂ ਇਜ਼ਰਾਈਲੀ ਤੇ ਅਮਰੀਕੀ ਰੱਖਿਆ ਪ੍ਰਣਾਲੀਆਂ ਦੁਆਰਾ ਨਸ਼ਟ ਕਰ ਦਿੱਤੀਆਂ ਗਈਆਂ। ਇਸ ਦੇ ਬਾਵਜੂਦ, ਕੁਝ ਮਿਜ਼ਾਈਲਾਂ ਫੌਜੀ ਠਿਕਾਣਿਆਂ ਤੱਕ ਪਹੁੰਚਣ ਵਿੱਚ ਸਫਲ ਰਹੀਆਂ।
ਇਜ਼ਰਾਈਲ ਨੇ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ
ਇਰਾਨੀ ਹਮਲਿਆਂ ਤੋਂ ਬਾਅਦ ਇਜ਼ਰਾਈਲ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਤੇਲ ਅਵੀਵ, ਯਰੂਸ਼ਲਮ ਅਤੇ ਹਾਈਫਾ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ, ਜਿਸ ਕਾਰਨ ਲੱਖਾਂ ਲੋਕਾਂ ਨੂੰ ਬੰਕਰਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ ਅਤੇ ਖੇਤਰੀ ਯੁੱਧ ਦੀ ਸੰਭਾਵਨਾ ਡੂੰਘੀ ਹੁੰਦੀ ਜਾ ਰਹੀ ਹੈ।