Israel Hamas War: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਹਾਲਾਂਕਿ ਇਹ ਸੰਘਰਸ਼ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਜ਼ਰਾਇਲੀ ਫੌਜ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ 'ਤੇ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਜ਼ਰਾਇਲੀ ਫੌਜ ਦੇ ਅਜਿਹੇ ਅੱਤਿਆਚਾਰ ਸਾਹਮਣੇ ਆਏ ਹਨ।


ਦਰਅਸਲ ਵੈਸਟ ਬੈਂਕ ਦੇ ਤੁਲਕਾਰਮ ਸ਼ਹਿਰ 'ਚ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਇਜ਼ਰਾਈਲੀ ਫੌਜ ਦੀ ਬੇਰਹਿਮੀ ਨਾਲ ਕਾਰਵਾਈ ਕੈਦ ਹੋ ਗਈ ਹੈ। ਜਿਸ ਵਿੱਚ ਇਜ਼ਰਾਈਲੀ ਸੁਰੱਖਿਆ ਬਲਾਂ ਦੇ ਵਾਹਨਾਂ 'ਤੇ ਫਲਸਤੀਨੀ ਲੋਕਾਂ ਨੂੰ ਪਹਿਲਾਂ ਗੋਲੀ ਮਾਰਨ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਬੇਰਹਿਮੀ ਨਾਲ ਕੁਚਲਣ ਦਾ ਦੋਸ਼ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਇਲੀ ਬਲਾਂ ਨੇ ਇੱਕ ਘਰ 'ਤੇ ਛਾਪਾ ਮਾਰਿਆ ਸੀ, ਜਿਸ 'ਚ ਗੋਲੀਬਾਰੀ ਤੋਂ ਬਾਅਦ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ਾਂ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।


ਇਜ਼ਰਾਈਲ ਨੇ ਕੀਤਾ ਇਨਕਾਰ


ਦੂਜੇ ਪਾਸੇ, ਇਜ਼ਰਾਈਲੀਆਂ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰ ਰਹੇ ਹਨ, ਹਾਲਾਂਕਿ ਬਹੁਤ ਸਾਰੇ ਲੋਕ ਇਸ ਦੇ ਖਿਲਾਫ ਬਹਿਸ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਵਿੱਚ 23,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਜਦਕਿ 60,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇੰਨਾ ਹੀ ਨਹੀਂ ਕਰੀਬ 8000 ਲੋਕ ਲਾਪਤਾ ਹਨ ਅਤੇ 20 ਲੱਖ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ।


ਅਮਰੀਕਾ ਨੇ ਵੀ ਚਿੰਤਾ ਪ੍ਰਗਟਾਈ


ਦੂਜੇ ਪਾਸੇ ਅਮਰੀਕਾ ਨੇ ਗਾਜ਼ਾ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ ਵਧਣ ਕਾਰਨ ਅਮਰੀਕਾ ਪੱਤਰਕਾਰਾਂ ਦੀ ਸੁਰੱਖਿਆ ਲਈ ਖੜ੍ਹਾ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਤੋਂ ਬਾਅਦ ਗਾਜ਼ਾ ਵਿੱਚ ਕੁੱਲ 102 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ।