ਹਿਊਸਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਪੂਰਬੀ ਸੀਰੀਆ 'ਚ ਇਰਾਨ ਸਮਰਥਕ ਮਿਲਿਸ਼ਿਆ ਗਰੁੱਪ ਦੇ ਖਿਲਾਫ ਅਮਰੀਕੀ ਏਅਰਸਟ੍ਰਾਇਕ ਇਰਾਨ ਲਈ ਇਕ ਵੱਡੀ ਚੇਤਾਵਨੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਹਿਊਸਟਨ ਵਿੱਚ ਕਿਹਾ ਕਿ ਇਰਾਨ ਇਸ ਨੂੰ ਚੇਤਾਵਨੀ ਵਜੋਂ ਲਵੇ।
ਇਸ ਤੋਂ ਪਹਿਲਾਂ ਬਾਈਡਨ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸਟ੍ਰਾਈਕ ਨੂੰ 'ਸੁਨੇਹਾ' ਕਰਾਰ ਦਿੱਤਾ ਸੀ ਅਤੇ ਕਿਹਾ ਕਿ ਬਾਇਡਨ ਨੇ ਇਹ ਕਦਮ ਅਮਰੀਕੀਆਂ ਦੀ ਰੱਖਿਆ ਲਈ ਚੁੱਕਿਆ ਹੈ। ਸਾਕੀ ਨੇ ਕਿਹਾ ਕਿ ਸਟ੍ਰਾਈਕ ਪਿੱਛੇ ਬਾਈਡਨ ਦਾ ਉਦੇਸ਼ ਸੀਰੀਆ ਅਤੇ ਇਰਾਕ ਵਿੱਚ ਅਮਰੀਕਾ ਵਿਰੋਧੀ ਗਤੀਵਿਧੀਆਂ ਨੂੰ ਘੱਟ ਕਰਨਾ ਸੀ।
ਪੈਂਟਾਗਨ ਨੇ ਕਿਹਾ ਕਿ ਅਮਰੀਕੀ ਫੌਜੀਆਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਤਾਰ ਕੀਤੇ ਜਾ ਰਹੇ ਰਾਕੇਟ ਹਮਲਿਆਂ ਦੇ ਜਵਾਬ ਵਿੱਚ ਵੀਰਵਾਰ ਨੂੰ ਸਟ੍ਰਾਈਕ ਕੀਤੀ ਗਈ, ਜਿਸ ਵਿੱਚ 22 ਮਿਲਿਸ਼ਿਆ ਮੈਂਬਰ ਮਾਰੇ ਗਏ। ਇਨ੍ਹਾਂ ਹਮਲਿਆਂ ਵਿੱਚੋਂ ਇੱਕ 15 ਫਰਵਰੀ ਨੂੰ ਕੁਰਦ ਦੀ ਰਾਜਧਾਨੀ ਆਰਬਿਲ ਵਿਚਲੇ ਫੌਜੀ ਟਿਕਾਣੇ 'ਤੇ ਕੀਤਾ ਗਿਆ ਸੀ। ਇਸ ਵਿੱਚ ਇੱਕ ਸਥਾਨਕ ਨਾਗਰਿਕ ਅਤੇ ਗਠਜੋੜ ਬਲਾਂ ਨਾਲ ਕੰਮ ਕਰਨ ਵਾਲੇ ਵਿਦੇਸ਼ੀ ਠੇਕੇਦਾਰ ਦੀ ਮੌਤ ਤੋਂ ਇਲਾਵਾ ਕਈ ਅਮਰੀਕੀ ਠੇਕੇਦਾਰਾਂ ਸਮੇਤ ਇੱਕ ਫੌਜੀ ਵੀ ਜ਼ਖ਼ਮੀ ਹੋਇਆ ਸੀ। ਪੈਂਟਾਗਨ ਦਾ ਕਹਿਣਾ ਹੈ ਕਿ ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਹਾਲੇ ਸਿਰਫ ਮੁਢਲੀ ਜਾਣਕਾਰੀ ਹੀ ਹਾਸਲ ਹੋਈ ਹੈ।