ਸੋਮਵਾਰ ਨੂੰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਦੀਵਾਲੀ ਦਾ ਜਸ਼ਨ ਦੇਖਿਆ ਗਿਆ। ਵ੍ਹਾਈਟ ਹਾਊਸ 'ਚ ਮਨਾਈ ਗਈ ਦਿਵਾਲੀ ਦੀ ਕਾਫੀ ਚਰਚਾ ਹੋਈ। ਵ੍ਹਾਈਟ ਹਾਊਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਦਿਵਾਲੀ ਮਨਾਈ ਗਈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ 200 ਲੋਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਇਸ ਤਿਉਹਾਰ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।


200 ਤੋਂ ਵੱਧ ਉੱਘੇ ਭਾਰਤੀ-ਅਮਰੀਕੀਆਂ ਨੇ ਲਿਆ ਹਿੱਸਾ


ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਜਿਲ ਬਾਇਡੇਨ ਨੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਈ। ਇਸ ਦੌਰਾਨ ਉਨ੍ਹਾਂ ਨਾਲ 200 ਤੋਂ ਵੱਧ ਮਸ਼ਹੂਰ ਭਾਰਤੀ-ਅਮਰੀਕੀ ਮੌਜੂਦ ਸਨ। ਇਹੀ ਕਾਰਨ ਹੈ ਕਿ ਇਹ ਦਿਵਾਲੀ ਹੁਣ ਤੱਕ ਦਾ ਸਭ ਤੋਂ ਵੱਡਾ ਦੀਵਾਲੀ ਦਾ ਤਿਉਹਾਰ ਬਣ ਗਿਆ। ਇੱਥੇ ਤੁਹਾਨੂੰ ਦੱਸ ਦੇਈਏ ਕਿ ਵ੍ਹਾਈਟ ਹਾਊਸ ਵਿੱਚ ਦਿਵਾਲੀ ਮਨਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਦਿਵਾਲੀ ਮਨਾਉਣ ਦੀ ਸ਼ੁਰੂਆਤ ਜਾਰਜ ਬੁਸ਼ ਪ੍ਰਸ਼ਾਸਨ ਦੌਰਾਨ ਹੋਈ ਸੀ, ਜੋ ਅੱਜ ਤੱਕ ਜਾਰੀ ਹੈ।






ਬਹੁਤ ਸਾਰੇ ਹੋਏ ਪ੍ਰੋਗਰਾਮ


ਵਾਈਟ ਹਾਊਸ 'ਚ ਆਯੋਜਿਤ ਦਿਵਾਲੀ ਪ੍ਰੋਗਰਾਮ 'ਚ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਣ ਨੂੰ ਮਿਲੇ। ਇਸ ਦੌਰਾਨ ਭਾਰਤੀ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲੀ। ਈਸਟ ਰੂਮ 'ਚ ਆਯੋਜਿਤ ਦਿਵਾਲੀ ਸਮਾਰੋਹ 'ਚ ਸਿਤਾਰਵਾਦਕ ਰਿਸ਼ਭ ਸ਼ਰਮਾ ਅਤੇ ਡਾਂਸ ਟਰੂਪ 'ਦਿ ਸਾ ਡਾਂਸ ਕੰਪਨੀ' ਦੀ ਪੇਸ਼ਕਾਰੀ ਨੂੰ ਲੋਕਾਂ ਨੇ ਖੂਬ ਸਰਾਹਿਆ। ਇੰਨਾ ਹੀ ਨਹੀਂ, ਸਾੜ੍ਹੀਆਂ, ਲਹਿੰਗਾ ਅਤੇ ਸ਼ੇਰਵਾਨੀ ਵਰਗੇ ਰਵਾਇਤੀ ਭਾਰਤੀ ਪਹਿਰਾਵੇ ਵਿੱਚ ਸਜੇ ਮਹਿਮਾਨਾਂ ਨੇ ਭਾਰਤੀ ਪਕਵਾਨਾਂ ਦਾ ਆਨੰਦ ਲਿਆ।


ਦਿਵਾਲੀ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਧੰਨਵਾਦ


ਦਿਵਾਲੀ ਦੇ ਜਸ਼ਨਾਂ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦਿਵਾਲੀ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਇਆ। ਉਸ ਨੇ ਕਿਹਾ, ''ਤੁਹਾਡੀ ਮੇਜ਼ਬਾਨੀ ਕਰਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਵ੍ਹਾਈਟ ਹਾਊਸ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਦਿਵਾਲੀ ਦਾ ਜਸ਼ਨ ਹੈ।
ਉਸਨੇ ਅੱਗੇ ਕਿਹਾ, "ਸਾਡੇ ਕੋਲ ਅੱਜ ਪਹਿਲਾਂ ਨਾਲੋਂ ਜ਼ਿਆਦਾ ਏਸ਼ੀਅਨ-ਅਮਰੀਕਨ ਹਨ। ਦਿਵਾਲੀ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਦਿਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡੇ ਵਿੱਚੋਂ ਹਰ ਇੱਕ ਵਿੱਚ ਸੰਸਾਰ ਨੂੰ ਰੋਸ਼ਨੀ ਲਿਆਉਣ ਦੀ ਸ਼ਕਤੀ ਹੈ।