Khalistan Protest: ਕੈਨੇਡਾ ਤੇ ਅਮਰੀਕਾ ਮਗਰੋਂ ਹੁਣ ਯੂਕੇ ਵਿੱਚ ਖਾਲਿਸਤਾਨੀ ਸਰਗਰਮ ਹੋ ਗਏ ਹਨ। ਯੂਕੇ ਦੇ ਸਿੱਖਾਂ ਨੇ ਖਾਲਿਸਤਾਨ ਪੱਖੀ ਲੀਡਰ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਲੰਘੇ ਦਿਨ ਖਾਲਿਸਤਾਨ ਸਮਰਥਕਾਂ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੁਲਿਸ ਦੀ ਹਾਜ਼ਰੀ ਵਿੱਚ ਨਾਅਰੇਬਾਜ਼ੀ ਕੀਤੀ ਤੇ ਬੈਨਰ ਵੀ ਲਹਿਰਾਏ। ਇਹ ਰੋਸ ਮੁਜ਼ਾਹਰਾ, ਜਿਸ ਨੂੰ ਸੋਸ਼ਲ ਮੀਡੀਆ ’ਤੇ ਬਰਤਾਨਵੀ ਸਿੱਖਾਂ ਦੇ ਗਰੁੱਪ ਵੱਲੋਂ ਪ੍ਰਚਾਰਿਆ ਗਿਆ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਵੱਲ ਧਿਆਨ ਖਿੱਚਣ ਲਈ ਕੀਤਾ ਗਿਆ।
ਸੋਮਵਾਰ ਦੇ ਮੁਜ਼ਾਹਰੇ ਲਈ ਦਿੱਤੇ ਗਏ ਸੱਦੇ ਵਿੱਚ ਲਿਖਿਆ ਗਿਆ ਸੀ, ‘ਕਾਰਕੁਨ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਮੌਤ ਸਣੇ ਸਿੱਖ ਹੋਰ ਘਰੇਲੂ ਮੁੱਦੇ ਉਠਾਉਂਦੇ ਰਹਿਣਗੇ।’ ‘ਇੰਡੀਆ ਹਾਊਸ’ ਦੇ ਬਾਹਰ ਵੱਡੀ ਗਿਣਤੀ ਪੁਲਿਸ ਅਧਿਕਾਰੀ ਬਿਨਾ ਵਰਦੀ ਤੋਂ ਤਾਇਨਾਤ ਸਨ। ਸਕਾਟਲੈਂਡ ਯਾਰਡ ਦੇ ਕਈ ਅਧਿਕਾਰੀ ਬਾਹਰ ਗਸ਼ਤ ਕਰਦੇ ਵੀ ਨਜ਼ਰ ਆਏ।
ਇਸ ਦੌਰਾਨ ਹਾਈ ਕਮਿਸ਼ਨ ਦੀ ਇਮਾਰਤ ਦੀ ਪੁਲਿਸ ਨੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਸੀ ਤਾਂ ਕਿ ਦਸਤਾਰਧਾਰੀ ਸਿੱਖਾਂ ਦੇ ਇੱਕ ਗਰੁੱਪ ਨੂੰ ਉੱਧਰ ਜਾਣ ਤੋਂ ਰੋਕਿਆ ਜਾ ਸਕੇ। ਮੁਜ਼ਾਹਰਾਕਾਰੀਆਂ ਵਿੱਚ ਔਰਤਾਂ ਵੀ ਸ਼ਾਮਲ ਸਨ। ਦੋ ਘੰਟਿਆਂ ਤੱਕ ਚੱਲੇ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਦੇ ਕਈ ਵਾਹਨਾਂ ਨੇ ਪੂਰੇ ਇਲਾਕੇ ਵਿਚ ਗਸ਼ਤ ਕੀਤੀ।
ਇਸ ਮੌਕੇ ਪੰਜਾਬੀ ਵਿੱਚ ਕਈ ਭਾਸ਼ਣ ਦਿੱਤੇ ਗਏ ਤੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਇਸ ਤੋਂ ਪਹਿਲਾਂ ਸਿੱਖ ਫੈਡਰੇਸ਼ਨ (ਯੂਕੇ) ਨੇ ਲੰਡਨ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਉਹ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਜਾਂਚ ਸ਼ੁਰੂ ਕਰਨ ਲਈ ਇੰਗਲੈਂਡ ਤੇ ਵੇਲਜ਼ ਦੇ ‘ਚੀਫ ਕੋਰੋਨਰ’ ਨੂੰ ਬੇਨਤੀ ਕਰਨਗੇ।
ਦੱਸ ਦਈਏ ਕਿ ਖਾਲਿਸਤਾਨ ਸਮਰਥਕ ਸਿੱਖ ਕਾਰਕੁਨ ਖੰਡਾ ਦੀ ਜੂਨ ਵਿਚ ਬਰਮਿੰਘਮ ’ਚ ਮੌਤ ਹੋ ਗਈ ਸੀ। 45 ਸਾਲਾ ਖੰਡਾ ਦੀ ਮੌਤ ਤੋਂ ਬਾਅਦ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਸੀ ਕਿ ਇਸ ਮਾਮਲੇ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ। ਪੋਸਟਮਾਰਟਮ ਵਿਚ ਮੌਤ ਦਾ ਕਾਰਨ ਬਲੱਡ ਕੈਂਸਰ ਦੱਸਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।