Gurpatwant Pannun News: ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਲਾਨਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨ ਪੱਖੀ ਅਮਰੀਕੀ ਸਿੱਖ ਗੁਰਪਤਵੰਤ ਸਿੰਘ ਪੰਨੂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਪਾਬੰਦੀਸ਼ੁਦਾ ‘ਸਿੱਖਜ਼ ਫਾਰ ਜਸਟਿਸ’ (ਐਸਐਫਜੇ) ਦੇ ਮੁਖੀ ਗੁਰਪਤਵੰਤ ਪੰਨੂ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕੌਮੀ ਝੰਡਾ ਲਹਿਰਾਉਣ ਤੋਂ ਰੋਕਿਆ ਜਾਏਗਾ। ਇਸ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। 

ਦਰਅਸਲ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੂੰ ਉਸ ਵੀਡੀਓ ਦੀ ਪੜਤਾਲ ਤੇ ਵਿਸ਼ਲੇਸ਼ਣ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਸ ਵਿੱਚ ਪਾਬੰਦੀਸ਼ੁਦਾ ‘ਸਿੱਖਜ਼ ਫਾਰ ਜਸਟਿਸ’ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕੌਮੀ ਝੰਡਾ ਲਹਿਰਾਉਣ ਤੋਂ ਰੋਕਣ ਲਈ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਵੀਡੀਓ ’ਚ ਪੰਨੂ ਭਾਰਤ ਸਰਕਾਰ ਨੂੰ ਧਮਕੀ ਦਿੰਦਾ ਤੇ ਲੋਕਾਂ ਨੂੰ ਇਹ ਕਹਿੰਦਾ ਹੋਇਆ ਸੁਣਿਆ ਜਾ ਸਕਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗਣਤੰਤਰ ਦਿਵਸ ਪਰੇਡ ’ਚ ਨਾ ਭੇਜਣ ਕਿਉਂਕਿ ‘ਖਾਲਿਸਤਾਨੀ ਕਾਰਕੁਨ’ ਰਾਸ਼ਟਰਪਤੀ ਨੂੰ ਕੌਮੀ ਝੰਡਾ ਲਹਿਰਾਉਣ ਤੋਂ ਰੋਕਣ ਲਈ ਕਾਰਵਾਈ ਕਰਨਗੇ। 

ਦਿੱਲੀ ਆਧਾਰਤ ਵਕੀਲ ਵਿਨੀਤ ਜਿੰਦਲ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਸੰਜੈ ਅਰੋੜਾ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੰਨੂ ਨੇ ਕਿਹਾ ਕਿ ਖਾਲਿਸਤਾਨੀ 26 ਜਨਵਰੀ, 2025 ਨੂੰ ਤਿਰੰਗਾ ਨਹੀਂ ਲਹਿਰਾਉਣ ਦੇਣਗੇ। ਸ਼ਿਕਾਇਤ ਅਨੁਸਾਰ ਪੰਨੂ ਨੇ ਕਿਹਾ ਕਿ ਇਸ ਲਈ ਐਸਐਫਜੇ ਵੱਲੋਂ 1.25 ਲੱਖ ਡਾਲਰ ਦਿੱਤੇ ਹਨ। ਐਡਵੋਕੇਟ ਜਿੰਦਲ ਨੇ ਪੁਲਿਸ ਨੂੰ ਇਸ ਮਾਮਲੇ ’ਚ ਤੁਰੰਤ ਐਫਆਈਆਰ ਦਰਜ ਕਰਨ ਤੇ ਦੇਸ਼ ਦੀ ਉੱਚ ਲੀਡਰਸ਼ਿਪ ਦੀ ਸੁਰੱਖਿਆ ਤੇ ਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। 

ਕਮਿਸ਼ਨਰ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇਸ ਨੂੰ ਅਗਲੇਰੀ ਕਾਰਵਾਈ ਲਈ ਵਿਸ਼ੇਸ਼ ਸੈੱਲ ਕੋਲ ਭੇਜ ਦਿੱਤਾ ਹੈ। ਪੰਨੂ ਪਿਛਲੇ ਕਈ ਸਾਲਾਂ ਤੋਂ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਹੈ। ਪੰਨੂ ਦੀਆਂ ਹਦਾਇਤਾਂ ’ਤੇ ਦਿੱਲੀ ’ਚ ਕਈ ਵਾਰ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ ਹਨ। ਇੱਥੋਂ ਤੱਕ ਕਿ ਕਿਸਾਨ ਸੰਘਰਸ਼ ਦੌਰਾਨ ਵੀ ਪੰਨੂ ਨੇ ਕਈ ਵੀਡੀਓਜ਼ ਜਾਰੀ ਕਰਕੇ ਲੋਕਾਂ ਨੂੰ ਲਾਲ ਕਿਲ੍ਹੇ ਸਮੇਤ ਸਰਕਾਰੀ ਇਮਾਰਤਾਂ ’ਤੇ ਹਮਲੇ ਲਈ ਭੜਕਾਇਆ ਸੀ।

ਦੱਸ ਦਈਏ ਕਿ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਲਾਨਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਮਗਰੋਂ ਚਰਚਾ ਦਿ ਵਿਸ਼ਾ ਬਣਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਪੰਨੂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਇਸ ਦੇ ਦੋ ਵੀਡੀਓ ਸਾਹਮਣੇ ਆਏ ਹਨ। ਇੱਕ ਵਿੱਚ ਉਹ ਸਹੁੰ ਚੁੱਕ ਸਮਾਰੋਹ ਵਿੱਚ ਇੱਕ ਆਮ ਦਰਸ਼ਕ ਵਾਂਗ ਕੈਪੀਟਲ ਹਿੱਲ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਸ ਦਾ ਸਾਥੀ ਇੱਕ ਵੀਡੀਓ ਬਣਾ ਰਿਹਾ ਹੈ। ਇਸ ਦੌਰਾਨ ਉਸ ਦੇ ਕੋਟ 'ਤੇ ਖਾਲਿਸਤਾਨ ਦਾ ਪ੍ਰਤੀਕ ਵੀ ਦਿਖਾਈ ਦਿੰਦਾ ਹੈ। 

ਦੂਜੇ ਵੀਡੀਓ ਵਿੱਚ, ਉਹ ਸਟੇਜ ਦੇ ਨੇੜੇ ਦਿਖਾਈ ਦੇ ਰਿਹਾ ਹੈ ਜਿੱਥੇ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਖੜ੍ਹੇ ਹਨ। ਇਸ ਦੌਰਾਨ ਸਹੁੰ ਚੁੱਕ ਸਮਾਗਮ ਵਿੱਚ ਆਏ ਲੋਕ ਅਮਰੀਕਾ-ਅਮਰੀਕਾ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਪੰਨੂ ਇੱਕ ਪਲ ਲਈ ਦਿਖਾਈ ਦਿੰਦਾ ਹੈ ਤੇ ਉੱਚੀ ਆਵਾਜ਼ ਵਿੱਚ, ਉਹ ਦੋ ਵਾਰ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਉਂਦਾ ਹੈ। ਪੰਨੂ ਦਾ ਦਾਅਵਾ ਹੈ ਕਿ ਉਸ ਨੂੰ ਟਰੰਪ ਕੈਂਪ ਨੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਸੀ। ਹਾਲਾਂਕਿ, ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੰਨੂ ਨੇ ਸਹੁੰ ਚੁੱਕ ਸਮਾਗਮ ਲਈ ਟਿਕਟ ਖਰੀਦੀ ਸੀ।