Canada: ਕੈਨੇਡਾ ਦੇ ਸਰੀ ਦਾ ਲਕਸ਼ਮੀ ਨਰਾਇਣ ਮੰਦਰ ਖਾਲਿਸਤਾਨੀਆਂ ਅਤੇ ਹਿੰਦੂ ਭਾਈਚਾਰੇ ਵਿਚਾਲੇ ਤਣਾਅ ਦਾ ਕੇਂਦਰ ਬਣਿਆ ਹੋਇਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਿੰਦੂ ਸ਼ਰਧਾਲੂਆਂ ਨੂੰ ਉਥੇ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖਾਲਿਸਤਾਨੀ ਧੜੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਦੇ ਰਹੇ ਹਨ। ਇੰਨਾ ਹੀ ਨਹੀਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਕੈਨੇਡਾ 'ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਦਾਅਵਾ ਕੀਤਾ ਸੀ ਕਿ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੀ ਧਮਕੀ ਦਿੱਤੀ ਜਾ ਰਹੀ ਹੈ। ਨਿਊਜ਼18 ਦੀ ਰਿਪੋਰਟ ਮੁਤਾਬਕ ਹਿੰਦੂ ਭਾਈਚਾਰੇ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਖਾਲਿਸਤਾਨੀ ਅਕਸਰ ਆ ਕੇ ਵਿਰੋਧ ਕਰਦੇ ਹਨ। ਉਨ੍ਹਾਂ ਦੇ ਕਾਰਨ ਸਾਨੂੰ ਆਪਣੀ ਜਾਨ ਦਾ ਡਰ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਕੈਨੇਡੀਅਨ ਸਰਕਾਰ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ ਅਤੇ ਸਾਡੀਆਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।


ਕਾਲੀਬਾੜੀ ਮੰਦਿਰ ਵਿੱਚ ਕੀਤਾ ਗਿਆ ਪ੍ਰਦਰਸ਼ਨ


ਹਾਲ ਹੀ ਵਿੱਚ ਕੈਨੇਡਾ ਦੇ ਮਿਸੀਸਾਗਾ ਵਿੱਚ ਖਾਲਿਸਤਾਨੀ ਵੱਖਵਾਦੀ-ਅੱਤਵਾਦੀ ਲਹਿਰ ਨਾਲ ਜੁੜੇ ਲੋਕਾਂ ਨੇ ਕਾਲੀਬਾੜੀ ਮੰਦਰ ਦੇ ਬਾਹਰ ਇੱਕ ਅਖੌਤੀ ਵਿਰੋਧ ਪ੍ਰਦਰਸ਼ਨ ਕੀਤਾ। ਅਖੌਤੀ ਪ੍ਰਦਰਸ਼ਨਕਾਰੀਆਂ ਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਲਈ ਵੀ ਇਨਸਾਫ ਦੀ ਮੰਗ ਕੀਤੀ, ਜਿਸ ਨੂੰ ਜੂਨ ਮਹੀਨੇ ਕੈਨੇਡਾ ਦੇ ਸਰੀ ਵਿਖੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ।


ਮੰਦਰ ਪ੍ਰਸ਼ਾਸਨ ਕਾਫੀ ਚਿੰਤਤ 


ਇਸ ਤੋਂ ਪਹਿਲਾਂ ਅਪ੍ਰੈਲ ਵਿੱਚ, ਕਾਲੀਬਾੜੀ ਮੰਦਿਰ ਦੇ ਅਧਿਕਾਰੀਆਂ ਨੇ ਮੰਦਰ ਵਿੱਚ ਹੋਈਆਂ ਚੋਰੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ, ਪਰ ਉਨ੍ਹਾਂ ਦਾ ਕਹਿਣਾ ਸੀ ਕਿ ਮੰਦਰ ਨੂੰ ਨਿਸ਼ਾਨਾ ਬਣਾਉਣ ਦਾ ਮੂਲ ਉਦੇਸ਼ ਉੱਥੇ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ ਡਰ ਪੈਦਾ ਕਰਨਾ ਸੀ। ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਹੋਰ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕੈਨੇਡਾ ਸਥਿਤ ਭਾਰਤੀ ਦੂਤਘਰ ਨੇ ਇਨ੍ਹਾਂ ਘਟਨਾਵਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ।