(Source: Poll of Polls)
ਲੰਡਨ ਜਾਣ ਵਾਲੀ ਰੇਲਗੱਡੀ ‘ਚ ਅਚਾਨਕ ਮੱਚਿਆ ਚੀਕ-ਚਿਹਾੜਾ, 10 ਲੋਕਾਂ ‘ਤੇ ਚਾਕੂ ਨਾਲ ਹਮਲਾ, 2 ਸ਼ੱਕੀ ਗ੍ਰਿਫ਼ਤਾਰ
ਲੰਡਨ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਟ੍ਰੇਨ ‘ਚ ਇੱਕ ਵਿਅਕਤੀ ਨੇ ਕਈ ਯਾਤਰੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਸ਼ਮਦੀਦਾਂ ਮੁਤਾਬਕ ਟ੍ਰੇਨ ਦੇ ਹਰ ਪਾਸੇ ਖੂਨ ਹੀ ਖੂਨ ਸੀ ਅਤੇ ਡਰ ਦੇ ਮਾਰੇ ਕਈ ਯਾਤਰੀ ਵਾਸ਼ਰੂਮਾਂ ‘ਚ ਲੁਕ..

ਇੰਗਲੈਂਡ ‘ਚ ਇੱਕ ਰੇਲਗੱਡੀ ‘ਚ 1 ਨਵੰਬਰ ਯਾਨੀਕਿ ਸ਼ਨੀਵਾਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਲੰਡਨ ਵੱਲ ਜਾ ਰਹੀ ਟ੍ਰੇਨ ‘ਚ ਇੱਕ ਵਿਅਕਤੀ ਨੇ ਕਈ ਯਾਤਰੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਸ਼ਮਦੀਦਾਂ ਮੁਤਾਬਕ ਟ੍ਰੇਨ ਦੇ ਹਰ ਪਾਸੇ ਖੂਨ ਹੀ ਖੂਨ ਸੀ ਅਤੇ ਡਰ ਦੇ ਮਾਰੇ ਕਈ ਯਾਤਰੀ ਵਾਸ਼ਰੂਮਾਂ ‘ਚ ਲੁਕ ਗਏ। ਇਹ ਘਟਨਾ ਡਾਂਕਾਸਟਰ ਤੋਂ ਲੰਡਨ ਕਿੰਗਜ਼ ਕ੍ਰਾਸ ਸਟੇਸ਼ਨ ਵੱਲ ਜਾਣ ਵਾਲੀ ਟ੍ਰੇਨ ‘ਚ ਵਾਪਰੀ।
ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ
ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਦੱਸਿਆ ਕਿ ਟ੍ਰੇਨ ਨੂੰ ਕੈਂਬਰਿਜ਼ਸ਼ਾਇਰ ਦੇ ਹੰਟਿੰਗਡਨ ਸਟੇਸ਼ਨ ‘ਤੇ ਰੋਕ ਲਿਆ ਗਿਆ ਅਤੇ ਦੋ ਸ਼ੱਕੀ ਵਿਅਕਤੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਇਸ ਹਮਲੇ ‘ਚ ਦੱਸ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ‘ਚੋਂ ਨੌਂ ਦੀ ਹਾਲਤ ਗੰਭੀਰ ਹੈ।
ਪੁਲਿਸ ਨੇ ਕਿਹਾ ਕਿ ਇਸ ਹਮਲੇ ਨੂੰ ਵੱਡੀ ਘਟਨਾ ਘੋਸ਼ਿਤ ਕੀਤਾ ਗਿਆ ਹੈ ਅਤੇ ਅੱਤਵਾਦ ਵਿਰੋਧੀ ਯੂਨਿਟ ਵੀ ਜਾਂਚ ‘ਚ ਸਹਿਯੋਗ ਦੇ ਰਹੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਟ੍ਰੇਨ ਰੁਕਣ ਤੋਂ ਬਾਅਦ ਉਹਨਾਂ ਨੇ ਪਲੇਟਫਾਰਮ ‘ਤੇ ਇੱਕ ਵਿਅਕਤੀ ਨੂੰ ਵੱਡੇ ਚਾਕੂ ਨਾਲ ਦੇਖਿਆ, ਜਿਸਨੂੰ ਬਾਅਦ ‘ਚ ਪੁਲਿਸ ਨੇ ਟੇਜ਼ਰ ਦੀ ਮਦਦ ਨਾਲ ਕਾਬੂ ਕੀਤਾ।
ਘਟਨਾ ਨੂੰ ਡਰਾਉਣਾ ਕਰਾਰ ਦਿੱਤਾ
ਬਰਤਾਨੀਆ ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨੇ ਇਸ ਘਟਨਾ ਨੂੰ ਡਰਾਉਣਾ ਕਰਾਰ ਦਿੱਤਾ ਤੇ ਕਿਹਾ, “ਮੇਰੇ ਵਿਚਾਰ ਸਾਰੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਨ। ਮੈਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦਾ ਉਨ੍ਹਾਂ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਾ ਹਾਂ।”
ਚਾਕੂਬਾਜ਼ੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਇੰਗਲੈਂਡ ਅਤੇ ਵੇਲਜ਼ ਵਿੱਚ 50 ਹਜ਼ਾਰ ਤੋਂ ਵੱਧ ਚਾਕੂ ਨਾਲ ਜੁੜੇ ਅਪਰਾਧ ਦਰਜ ਹੋਏ ਸਨ, ਜੋ 2013 ਨਾਲੋਂ ਲਗਭਗ ਦੋਗੁਣੇ ਹਨ।
ਗ੍ਰਹਿ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਲਗਭਗ 60 ਹਜ਼ਾਰ ਚਾਕੂ ਜ਼ਬਤ ਕੀਤੇ ਜਾ ਚੁੱਕੇ ਹਨ ਜਾਂ ਲੋਕਾਂ ਨੇ ਖੁਦ ਹੀ ਪੁਲਿਸ ਨੂੰ ਸੌਂਪ ਦਿੱਤੇ ਹਨ। ਸਰਕਾਰ ਨੇ ਅਗਲੇ ਦੱਸ ਸਾਲਾਂ ਵਿੱਚ ਚਾਕੂਬਾਜ਼ੀ ਨਾਲ ਜੁੜੇ ਅਪਰਾਧਾਂ ਨੂੰ ਅੱਧਾ ਕਰਨ ਦਾ ਟੀਚਾ ਰੱਖਿਆ ਹੈ। ਸਰਵਜਨਿਕ ਥਾਂ ‘ਤੇ ਚਾਕੂ ਸਮੇਤ ਫੜੇ ਜਾਣ ‘ਤੇ ਚਾਰ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਪਿਛਲੇ ਇੱਕ ਸਾਲ ਵਿੱਚ ਚਾਕੂ ਨਾਲ ਹੋਣ ਵਾਲੀਆਂ ਹੱਤਿਆਵਾਂ ਵਿੱਚ 18 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।






















