ਹਾਂਗਕਾਂਗ ਦੇ ਤਾਈਪੋ ਵਿੱਚ ਬੁੱਧਵਾਰ ਯਾਨੀਕਿ 26 ਨਵੰਬਰ ਦੀ ਦੁਪਹਿਰ ਕਈ ਬਹੁਮੰਜ਼ਿਲਾ ਇਮਾਰਤਾਂ ਵਿੱਚ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ 300 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ 7 ਇਮਾਰਤਾਂ ਵਿਚ ਫੈਲ ਗਈ। ਪੁਲਿਸ ਦੇ ਮੁਤਾਬਕ ਇਸ ਮਾਮਲੇ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਾਇਟਰਜ਼ ਨੇ ਫਾਇਰ ਸਰਵਿਸਜ਼ ਡਿਪਾਰਟਮੈਂਟ (FSD) ਦੇ ਹਵਾਲੇ ਨਾਲ ਦੱਸਿਆ ਕਿ ਭਿਆਨਕ ਅੱਗ ਕਾਰਨ ਕਈ ਲੋਕ ਇਮਾਰਤਾਂ ਵਿੱਚ ਫੱਸ ਗਏ ਸਨ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੋਂ ਵੀ ਵੇਖੀਆਂ ਗਈਆਂ।
FSD ਨੇ ਦੱਸਿਆ ਕਿ ਉਨ੍ਹਾਂ ਨੂੰ ਬੁਧਵਾਰ ਦੁਪਹਿਰ 2:51 ਵਜੇ ਅੱਗ ਦੀ ਸੂਚਨਾ ਮਿਲੀ ਅਤੇ ਲਗਭਗ 3:30 ਵਜੇ ਇਸਨੂੰ ਨੰਬਰ 4 ਅਲਾਰਮ ਫਾਇਰ (ਜੋ ਹਾਂਗਕਾਂਗ ਵਿੱਚ ਦੂਜਾ ਸਭ ਤੋਂ ਵੱਡਾ ਅਲਾਰਮ ਹੁੰਦਾ ਹੈ) ਘੋਸ਼ਿਤ ਕੀਤਾ ਗਿਆ।
ਅੱਗ ਬੁਝਾਉਣ ਦਾ ਓਪਰੇਸ਼ਨ ਜਾਰੀ
ਅੱਗ ਨੂੰ ਕਾਬੂ ਕਰਨ ਲਈ ਰਾਹਤ ਕਾਰਜ ਜਾਰੀ ਹਨ। ਸਾਹਮਣੇ ਆਏ ਵੀਡੀਓਜ਼ ਵਿੱਚ ਇਮਾਰਤਾਂ 'ਚੋਂ ਘਣਾ ਧੂੰਆ ਨਿਕਲਦਾ ਹੋਇਆ ਦਿਖਾਈ ਦਿੱਤਾ। ਮੀਡਿਆ ਰਿਪੋਰਟਾਂ ਅਨੁਸਾਰ, ਸ਼ਹਿਰ ਦੇ ਤਾਈ ਪੋ ਜ਼ਿਲ੍ਹੇ ਵਿੱਚ ਕੰਪਲੈਕਸ ਦੇ ਬਾਹਰ ਬਾਂਸ ਦੀ ਮਚਾਂ 'ਤੇ ਅੱਗ ਫੈਲ ਗਈ। ਤਾਈ ਪੋ ਹਾਂਗਕਾਂਗ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਅਤੇ ਚੀਨ ਦੇ ਸ਼ੇਨਜ਼ੇਨ ਬਾਰਡਰ ਦੇ ਬਹੁਤ ਨੇੜੇ ਹੈ।
ਫਾਇਰ ਸਰਵਿਸ ਨੇ ਦੱਸਿਆ ਕਿ ਹੁਣ ਤੱਕ ਲਗਭਗ 90 ਫੀਸਦੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਹਾਲਾਂਕਿ ਕਈ ਲੋਕ ਅਜੇ ਵੀ ਲਾਪਤਾ ਹਨ। ਹਾਦਸੇ ਤੋਂ ਬਾਅਦ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਅੱਗ ਨੂੰ ਲੇਵਲ 5 ਕੈਟੇਗਰੀ ਵਿੱਚ ਰੱਖਿਆ ਗਿਆ ਹੈ, ਜੋ ਸਭ ਤੋਂ ਗੰਭੀਰ ਮੰਨੀ ਜਾਂਦੀ ਹੈ।
ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ
ਤਾਈ ਪੋ ਜ਼ਿਲ੍ਹਾ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਪੈਂਦਾ ਹੈ। ਅੱਗ ਲੱਗਣ ਤੋਂ ਬਾਅਦ ਫਾਇਰ ਡਿਪਾਰਟਮੈਂਟ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ। ਵਿਭਾਗ ਨੇ ਨੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ, ਦਰਵਾਜੇ–ਖਿੜਕੀਆਂ ਬੰਦ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਕਈ ਲੋਕਾਂ ਦੇ ਫੱਸੇ ਹੋਣ ਦੀ ਭੀ ਡਰ ਹੈ।
17 ਸਾਲ ਪਹਿਲਾਂ ਵੀ ਲੱਗੀ ਸੀ ਇੰਨੀ ਵੱਡੀ ਅੱਗ
ਹਾਂਗਕਾਂਗ ਵਿੱਚ ਲਗਭਗ 17 ਸਾਲ ਪਹਿਲਾਂ ਵੀ ਅਜਿਹੇ ਹੀ ਲੇਵਲ 5 ਕੈਟੇਗਰੀ ਦੀ ਅੱਗ ਲੱਗੀ ਸੀ, ਜਿਸ ਵਿੱਚ ਚਾਰ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ। ਹਾਲਾਂਕਿ ਇਸ ਵਾਰ ਨੁਕਸਾਨ ਕਈ ਗੁਣਾ ਵੱਧ ਵੱਡਾ ਹੈ। ਪ੍ਰਸ਼ਾਸਨ ਨੇ ਜ਼ਖਮੀ ਅਤੇ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ ਜਾਰੀ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕੇ।