Mehul Choksi Arrested: ਪੰਜਾਬ ਨੈਸ਼ਨਲ ਬੈਂਕ (PNB) ਵਿੱਚ 13,000 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਬੈਲਜੀਅਮ ਵਿੱਚ ਮੇਹੁਲ ਚੋਕਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਭਗੌੜੇ ਮੇਹੁਲ ਚੋਕਸੀ ਵਿਰੁੱਧ ਕੇਂਦਰੀ ਜਾਂਚ ਬਿਊਰੋ (CBI) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਹਵਾਲਗੀ ਬੇਨਤੀ ਦੇ ਆਧਾਰ 'ਤੇ ਕੀਤੀ ਗਈ ਸੀ। ਭਾਰਤੀ ਜਾਂਚ ਏਜੰਸੀਆਂ ਉਸ ਨੂੰ ਜਲਦੀ ਹੀ ਭਾਰਤ ਵਾਪਸ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੌਰਾਨ, ਮੇਹੁਲ ਚੌਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਕਿ ਉਹ ਇਸ ਗ੍ਰਿਫ਼ਤਾਰੀ ਵਿਰੁੱਧ ਅਪੀਲ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਨ।

'ਗ੍ਰਿਫ਼ਤਾਰ ਕੀਤਾ ਗਿਆ, ਪਰ ਜ਼ਮਾਨਤ ਮਿਲੇਗੀ'

ਨਿਊਜ਼ ਏਜੰਸੀ ANI ਦੀ ਰਿਪੋਰਟ ਦੇ ਅਨੁਸਾਰ, ਮੇਹੁਲ ਚੌਕਸੀ ਦੇ ਵਕੀਲ ਨੇ ਕਿਹਾ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ, ਤਾਂ ਇਹ ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਉਨ੍ਹਾਂ ਕਿਹਾ, "ਇਹ ਕਿਸੇ ਵੀ ਦੇਸ਼ ਦੀ ਪ੍ਰਕਿਰਿਆ ਹੁੰਦੀ ਹੈ। ਜੇਕਰ ਕੋਈ ਦੇਸ਼ ਕਿਸੇ ਹੋਰ ਦੇਸ਼ ਨੂੰ ਬੇਨਤੀ ਕਰਦਾ ਹੈ, ਤਾਂ ਰਸਮੀ ਤੌਰ 'ਤੇ ਗ੍ਰਿਫ਼ਤਾਰੀ ਹੁੰਦੀ ਹੈ ਅਤੇ ਫਿਰ ਜ਼ਮਾਨਤ ਵੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ, ਹਵਾਲਗੀ ਨੂੰ ਚੁਣੌਤੀ ਦਿੱਤੀ ਜਾਂਦੀ ਹੈ।" ਇਸ ਦੌਰਾਨ ਉਨ੍ਹਾਂ ਨੇ ਸੰਜੀਵ ਭੰਡਾਰੀ ਮਾਮਲੇ ਦਾ ਵੀ ਹਵਾਲਾ ਦਿੱਤਾ।

'ਇੰਨੀ ਆਸਾਨੀ ਨਾਲ ਹੋ ਸਕਦੀ ਹਵਾਲਗੀ '

ਵਿਜੇ ਅਗਰਵਾਲ ਨੇ ਕਿਹਾ, "ਸੰਜੀਵ ਭੰਡਾਰੀ ਦੇ ਕੇਸ ਹਾਰਨ ਤੋਂ ਬਾਅਦ, ਭਾਰਤ ਸਰਕਾਰ ਲਈ ਇਹ ਬਹੁਤ ਮੁਸ਼ਕਲ ਹੋ ਗਿਆ ਹੈ। ਮੈਨੂੰ ਨਹੀਂ ਲੱਗਦਾ ਕਿ ਹਵਾਲਗੀ ਇੰਨੀ ਆਸਾਨੀ ਨਾਲ ਹੋ ਸਕਦੀ ਹੈ।" ਉਨ੍ਹਾਂ ਦਾਅਵਾ ਕੀਤਾ ਕਿ ਮੇਹੁਲ ਨੂੰ ਭਗੌੜਾ ਨਹੀਂ ਐਲਾਨਿਆ ਗਿਆ ਹੈ ਕਿਉਂਕਿ ਉਹ ਭਾਰਤੀ ਜਾਂਚ ਏਜੰਸੀ ਨਾਲ ਸਹਿਯੋਗ ਕਰ ਰਿਹਾ ਹੈ।

ਮੇਹੁਲ ਚੌਕਸੀ ਦੀ ਮੈਡੀਕਲ ਕੰਡੀਸ਼ਨ ਦਾ ਦਿੱਤਾ ਗਿਆ ਹਵਾਲਾ

ਵਕੀਲ ਵਿਜੇ ਅਗਰਵਾਲ ਨੇ ਕਿਹਾ, "ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅਸੀਂ ਹਮੇਸ਼ਾ ਅਦਾਲਤ ਨੂੰ ਕਿਹਾ ਹੈ ਕਿ ਮੇਹੁਲ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ, ਪਰ ਮੈਡੀਕਲ ਕੰਡੀਸ਼ਨ ਕਰਕੇ ਉਹ ਸਫਰ ਨਹੀਂ ਕਰ ਸਕਦੇ। ਉਹ ਵੀਡੀਓ ਕਾਨਫਰੰਸ ਰਾਹੀਂ ਜਾਂਚ ਵਿੱਚ ਸ਼ਾਮਲ ਹੋਣਗੇ।" ਉਨ੍ਹਾਂ ਕਿਹਾ, "ਮੇਹੁਲ ਚੌਕਸੀ ਬਿਮਾਰ ਹੈ ਅਤੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਅਸੀਂ ਜੋ ਅਪੀਲ ਕਰਾਂਗੇ, ਉਸ ਵਿੱਚ ਇਹ ਬੇਨਤੀ ਕੀਤੀ ਜਾਵੇਗੀ ਕਿ ਮੇਹੁਲ ਨੂੰ ਹਿਰਾਸਤ ਵਿੱਚ ਨਾ ਰੱਖਿਆ ਜਾਵੇ। ਅਪੀਲ ਦਾ ਸਪੱਸ਼ਟ ਆਧਾਰ ਇਹ ਹੋਵੇਗਾ ਕਿ ਮੇਹੁਲ ਚੌਕਸੀ ਦੇ ਭੱਜਣ ਦਾ ਕੋਈ ਖ਼ਤਰਾ ਨਹੀਂ ਹੈ।"