ਯਮਨ ਦੇ ਅਬਯਾਨ ਪ੍ਰਾਂਤ ਦੇ ਤਟ ਤੇ ਐਤਵਾਰ, 3 ਅਗਸਤ 2025 ਨੂੰ ਪ੍ਰਵਾਸੀਆਂ ਨਾਲ ਭਰੀ ਇੱਕ ਨੌਕਾ ਡੁੱਬ ਗਈ। ਇਸ ਨੌਕਾ ਵਿਚ ਕੁੱਲ 154 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 68 ਦੀ ਮੌਤ ਹੋ ਚੁੱਕੀ ਹੈ ਤੇ 74 ਲੋਕ ਹਜੇ ਵੀ ਲਾਪਤਾ ਹਨ। ਸਥਾਨਕ ਅਧਿਕਾਰੀਆਂ ਦੇ ਮੁਤਾਬਕ, ਨੌਕਾ ਵਿਚ ਸਵਾਰ ਸਾਰੇ ਪ੍ਰਵਾਸੀ ਇਥੋਪੀਆ ਦੇ ਰਹਿਣ ਵਾਲੇ ਸਨ, ਜੋ ਯਮਨ ਰਾਹੀਂ ਸਾਉਦੀ ਅਰਬ ਵਿਚ ਰੋਜ਼ਗਾਰ ਦੀ ਖੋਜ ਵਿਚ ਜਾ ਰਹੇ ਸਨ। ਐਤਵਾਰ ਸਵੇਰੇ ਅਦਨ ਦੀ ਖਾੜੀ 'ਚ ਕਿਸ਼ਤੀ ਪਲਟ ਗਈ। ਹਾਦਸੇ ਤੋਂ ਬਾਅਦ ਹੁਣ ਤੱਕ ਸਿਰਫ਼ 10 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ ਹੈ, ਜਿਨ੍ਹਾਂ ਵਿੱਚੋਂ 9 ਇਥੋਪੀਆਈ ਤੇ 1 ਯਮਨੀ ਨਾਗਰਿਕ ਹਨ।

ਸਥਾਨਕ ਮੀਡੀਆ ਰਿਪੋਰਟਾਂ ਅਤੇ ਅੰਤਰਰਾਸ਼ਟਰੀ ਪ੍ਰਵਾਸਨ ਸੰਸਥਾ (IOM) ਨੇ ਇਸ ਘਟਨਾ ਨੂੰ ਹਾਲੀਆ ਸਾਲਾਂ ਦੀਆਂ ਸਭ ਤੋਂ ਭਿਆਨਕ ਤ੍ਰਾਸਦੀਆਂ ਵਿੱਚੋਂ ਇੱਕ ਕਰਾਰ ਦਿੱਤਾ ਹੈ। ਬਚਾਅ ਟੀਮਾਂ ਲਾਸ਼ਾਂ ਦੀ ਖੋਜ ਅਤੇ ਕਿਸੇ ਵੀ ਸੰਭਾਵਤ ਜੀਵਤ ਬਚੇ ਹੋਏ ਵਿਅਕਤੀਆਂ ਦੀ ਭਾਲ ਵਿੱਚ ਲਗਾਤਾਰ ਜੁਟੀਆਂ ਹੋਈਆਂ ਹਨ। ਇਹ ਸਵਾਲ ਵਾਰ-ਵਾਰ ਉਠ ਰਿਹਾ ਹੈ ਕਿ ਆਫ਼ਰੀਕਾ ਦੇ ਲੋਕ ਅਖ਼ੀਰ ਕਿਉਂ ਯਮਨ ਵਰਗੇ ਸੰਘਰਸ਼ ਪੀੜਤ ਦੇਸ਼ ਰਾਹੀਂ ਜਾਣ ਦਾ ਰਾਹ ਚੁਣਦੇ ਹਨ? ਇਸਦਾ ਜਵਾਬ ਸਿਰਫ ਆਰਥਿਕ ਨਹੀਂ, ਬਲਕਿ ਸਮਾਜਿਕ ਅਤੇ ਰਾਜਨੀਤਿਕ ਵੀ ਹੈ।

ਗਰੀਬੀ ਅਤੇ ਬੇਰੋਜ਼ਗਾਰੀ ਨਾਲ ਜੂਝਦੇ ਦੇਸ਼

ਇਥੋਪੀਆ ਅਤੇ ਸੋਮਾਲੀਆ ਵਰਗੇ ਦੇਸ਼ਾਂ ਵਿੱਚ ਗਰੀਬੀ, ਬੇਰੋਜ਼ਗਾਰੀ ਅਤੇ ਅਸਥਿਰਤਾ ਲੋਕਾਂ ਨੂੰ ਮਜ਼ਬੂਰ ਕਰਦੀ ਹੈ ਕਿ ਉਹ ਖਤਰਨਾਕ ਸਮੁੰਦਰੀ ਸਫ਼ਰ ਤੈਅ ਕਰਨ। ਯਮਨ, ਭਾਵੇਂ ਕਿ ਖੁਦ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਪ੍ਰਵਾਸੀਆਂ ਲਈ ਖਾੜੀ ਦੇਸ਼ਾਂ ਤੱਕ ਪਹੁੰਚਣ ਦਾ ਇੱਕ ਰਾਸਤਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਪ੍ਰਵਾਸਨ ਸੰਸਥਾ (IOM) ਮੁਤਾਬਕ, 2024 ਵਿੱਚ ਹੁਣ ਤੱਕ 60,000 ਤੋਂ ਵੱਧ ਪ੍ਰਵਾਸੀਆਂ ਨੇ ਯਮਨ ਰਾਹੀਂ ਯਾਤਰਾ ਕੀਤੀ ਹੈ, ਜਦਕਿ 2023 ਵਿੱਚ ਇਹ ਗਿਣਤੀ 97,200 ਸੀ। ਇਹ ਘਟਾਵ ਅਕਸਰ ਸਮੁੰਦਰੀ ਰਸਤੇ ‘ਤੇ ਸੁਰੱਖਿਆ ਗਸ਼ਤ ਵਧਣ ਕਰਕੇ ਵੇਖੀ ਜਾ ਰਹੀ ਹੈ।

ਪ੍ਰਵਾਸੀਆਂ ਦੀ ਸੁਰੱਖਿਆ

ਅੰਤਰਰਾਸ਼ਟਰੀ ਪ੍ਰਵਾਸਨ ਸੰਸਥਾ (IOM) ਦੇ ਅੰਕੜੇ ਬਹੁਤ ਹੈਰਾਨ ਕਰਨ ਵਾਲੇ ਹਨ। 2023 ਵਿੱਚ ਇਸ ਰੂਟ 'ਤੇ 558 ਲੋਕਾਂ ਦੀ ਮੌਤ ਹੋਈ ਸੀ ਅਤੇ ਪਿਛਲੇ ਦੱਸ ਸਾਲਾਂ ਦੌਰਾਨ 2,082 ਤੋਂ ਵੱਧ ਪ੍ਰਵਾਸੀ ਲਾਪਤਾ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 693 ਦੀ ਡੁੱਬਣ ਨਾਲ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਅੰਕੜੇ ਸਿਰਫ ਗਿਣਤੀਆਂ ਨਹੀਂ ਹਨ, ਸਗੋਂ ਉਹ ਹਜ਼ਾਰਾਂ ਪਰਿਵਾਰਾਂ ਦੀਆਂ ਕਹਾਣੀਆਂ ਹਨ ਜੋ ਆਪਣੇ ਪਿਆਰਿਆਂ ਦੀ ਖੋਜ ਵਿੱਚ ਦਰ-ਦਰ ਭਟਕ ਰਹੇ ਹਨ। ਪ੍ਰਵਾਸੀਆਂ ਨੂੰ ਸਮੁੰਦਰ ਦੀਆਂ ਲਹਿਰਾਂ ਹੀ ਨਹੀਂ, ਯਮਨ ਪਹੁੰਚਣ ਤੋਂ ਬਾਅਦ ਨਜ਼ਰਬੰਦੀ, ਦੁਸ਼ਚਰਿਤਾ ਅਤੇ ਅਮਾਨਵੀ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। IOM ਪਹਿਲਾਂ ਹੀ ਚੇਤਾਵਨੀ ਦੇ ਚੁੱਕੀ ਹੈ ਕਿ ਯਮਨ ਦਾ ਰਸਤਾ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਪ੍ਰਵਾਸਨ ਮਾਰਗਾਂ 'ਚੋਂ ਇੱਕ ਹੈ। ਇਸਦੇ ਬਾਵਜੂਦ, ਖ਼ਤਰੇ ਦੇ ਮੌਜੂਦ ਹੋਣ ਦੇ ਬਾਵਜੂਦ, ਪ੍ਰਵਾਸੀ ਲਗਾਤਾਰ ਇਸ ਰਸਤੇ ਨੂੰ ਚੁਣ ਰਹੇ ਹਨ।

ਯਮਨ ਵਿੱਚ ਮਨੁੱਖੀ ਸੰਕਟ ਅਤੇ ਰਾਜਨੀਤਿਕ ਪਿੱਠਭੂਮੀ

ਯਮਨ 2014 ਤੋਂ ਗ੍ਰਹਿ ਯੁੱਧ ਦੀ ਲਪੇਟ ਵਿੱਚ ਹੈ। ਹੂਤੀ ਬਾਗੀਆਂ ਅਤੇ ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮੰਨਤਾ ਪ੍ਰਾਪਤ ਸਰਕਾਰ ਦਰਮਿਆਨ ਚੱਲ ਰਹੇ ਜੰਗ ਨੇ ਦੇਸ਼ ਨੂੰ ਤਬਾਹੀ ਦੇ ਕਿਨਾਰੇ ਤੇ ਪਹੁੰਚਾ ਦਿੱਤਾ ਹੈ। ਹਾਲਾਂਕਿ ਅਪਰੈਲ 2022 ਵਿੱਚ ਇੱਕ ਯੁੱਧਵਿਰਾਮ ਸਮਝੌਤਾ ਹੋਇਆ ਸੀ, ਜਿਸ ਕਾਰਨ ਹਿੰਸਾ 'ਚ ਕੁਝ ਕਮੀ ਆਈ, ਪਰ ਦੇਸ਼ ਅਜੇ ਵੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਅਸਥਿਰ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ, ਇਸ ਵੇਲੇ ਯਮਨ ਵਿੱਚ ਲਗਭਗ 3.8 ਲੱਖ ਪ੍ਰਵਾਸੀ ਅਤੇ ਸ਼ਰਨਾਰਥੀ ਮੌਜੂਦ ਹਨ। ਇਨ੍ਹਾਂ ਵਿੱਚੋਂ ਕਈ ਸੁਰੱਖਿਆ ਦੀ ਭਾਲ ਵਿੱਚ ਹਨ, ਜਦਕਿ ਹੋਰ ਕਈ ਯਮਨ ਰਾਹੀਂ ਖਾੜੀ ਦੇਸ਼ਾਂ ਤੱਕ ਪਹੁੰਚਣਾ ਚਾਹੁੰਦੇ ਹਨ।