ਮੈਲਬਰਨ: ਇੱਥੇ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ਮੌਤ ਹੋ ਗਈ। ਪੁਲਿਸ ਨੇ ਪੋਸ਼ਿਕ ਸ਼ਰਮਾ (21) ਦੀ ਲਾਸ਼ ਉੱਤਰ ਪੂਰਬੀ ਖੇਤਰ ’ਚੋਂ ਬਰਾਮਦ ਕੀਤੀ ਹੈ। ਉਹ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ। ਕਰੀਬ ਡੇਢ ਸਾਲ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਲਈ ਆਸਟਰੇਲੀਆ ਆਇਆ ਪੋਸ਼ਿਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਸ਼ਹਿਰ ਤੋਂ ਕਰੀਬ 100 ਕਿਲੋਮੀਟਰ ’ਤੇ ਸਥਿਤ ਸੈਰ ਸਪਾਟੇ ਲਈ ਜਾਣੇ ਜਾਂਦੇ ਖੇਤਰ ਮੈਰਿਸਵਿਲੇ ’ਚ ਪੋਸ਼ਿਕ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਜਿੱਥੇ ਵੀਰਵਾਰ ਨੂੰ ਸਥਾਨਕ ਹੋਟਲ ’ਚ ਰੁਕਣ ਦੌਰਾਨ ਉਸ ਦੀ ਸਾਥੀਆਂ ਨਾਲ ਬਹਿਸ ਹੋ ਗਈ ਸੀ। ਉਹ ਸ਼ਾਮ ਨੂੰ ਹੋਟਲ ਤੋਂ ਬਾਹਰ ਚਲਾ ਗਿਆ ਸੀ ਤੇ ਸਵੇਰੇ ਤੱਕ ਜਦੋਂ ਉਹ ਵਾਪਸ ਨਾ ਪਰਤਿਆ ਤਾਂ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਸੂਬਾ ਪੁਲਿਸ ਸਮੇਤ ਐਮਰਜੈਂਸੀ ਖੋਜੀ ਟੀਮਾਂ ਪੋਸ਼ਿਕ ਨੂੰ ਲੱਭਣ ’ਚ ਜੁਟੀਆਂ ਹੋਈਆਂ ਸਨ। ਖ਼ਰਾਬ ਮੌਸਮ ’ਚ ਵੀ ਉਹ ਨੌਜਵਾਨ ਦੀ ਭਾਲ ਕਰਦੇ ਰਹੇ। ਇਸ ਦੌਰਾਨ ਉਸ ਦੀ ਲਾਸ਼ ਪੁਲੀਸ ਨੂੰ ਹੋਟਲ ਨੇੜਲੇ ਖੇਤਰ ’ਚੋਂ ਬਰਾਮਦ ਹੋ ਗਈ।

ਪੁਲਿਸ ਨੇ ਪੋਸ਼ਿਕ ਦੀ ਮੌਤ ਨੂੰ ਸ਼ੱਕੀ ਹੋਣ ਤੋਂ ਇਨਕਾਰ ਕੀਤਾ ਹੈ। ਇਹ ਘਟਨਾ ਪਹਾੜੀ ਖੇਤਰ ’ਚ ਵਾਪਰੀ ਹੈ ਜਿੱਥੇ ਇੰਨੀਂ ਦਿਨੀਂ ਪਾਰਾ ਸਿਫ਼ਰ ਤੱਕ ਜਾ ਅਪੜਦਾ ਹੈ। ਇਸ ਖ਼ਰਾਬ ਮੌਸਮ ’ਚ ਕੁਝ ਲੋਕਾਂ ਨੇ ਪੋਸ਼ਿਕ ਨੂੰ ਲਿਫ਼ਟ ਮੰਗਣ ਦਾ ਇਸ਼ਾਰਾ ਦਿੰਦਿਆਂ ਵੀ ਦੇਖਿਆ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।