ਹਿਊਸਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਕੀ ਸ਼ਹਿਰ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮਾਗਮ ਲਈ ਪਹੁੰਚੇ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਪਰਵਾਸੀ ਭਾਰਤੀ ਸ਼ਮੂਲੀਅਤ ਕਰ ਰਹੇ ਹਨ। ਭਾਰਤੀ-ਅਮਰੀਕੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਪੂਰਾ ਉਤਸ਼ਾਹ ਹੈ। ਪੋਪ ਤੋਂ ਇਲਾਵਾ ਕਿਸੇ ਵਿਦੇਸ਼ੀ ਨੇਤਾ ਲਈ ਇੱਥੇ ਕੀਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ। ਮੋਦੀ ਸ਼ਨਿਚਰਵਾਰ ਦੇਰ ਰਾਤ ਹਿਊਸਟਨ ਪਹੁੰਚ ਸੀ। ਇੱਥੇ ਉਨ੍ਹਾਂ ਦਾ ਭਾਰਤੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।


ਐਨਆਰਜੀ ਫੁਟਬਾਲ ਸਟੇਡੀਅਮ ਵਿੱਚ 22 ਸਤੰਬਰ ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ’ਚ 50 ਹਜ਼ਾਰ ਤੋਂ ਵੱਧ ਭਾਰਤੀ-ਅਮਰੀਕੀ ਸ਼ਾਮਲ ਹੋ ਰਹੇ ਹਨ। ਤਿੰਨ ਘੰਟੇ ਤੱਕ ਚੱਲਣ ਵਾਲੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਲ ਹੋ ਰਹੇ ਹਨ।

ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ 15 ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੇ ਦਿਨ-ਰਾਤ ਕੰਮ ਕੀਤਾ ਹੈ। ਐਨਆਰਜੀ ਸਟੇਡੀਅਮ ਵਿੱਚ ਬੀਤੇ ਦਿਨ ਕਾਰ ਰੈਲੀ ਵੀ ਕੀਤੀ ਗਈ ਸੀ ਜਿਸ ’ਚ 200 ਤੋਂ ਵੱਧ ਕਾਰਾਂ ਨੇ ਹਿੱਸਾ ਲਿਆ। ਕਾਰਾਂ ਉੱਤੇ ਭਾਰਤ-ਅਮਰੀਕਾ ਦੇ ਝੰਡੇ ਲਹਿਰਾ ਰਹੇ ਸੀ। ਪ੍ਰਬੰਧਕਾਂ ਤੇ ਵਾਲੰਟੀਅਰਾਂ ਨੇ ‘ਨਮੋ ਅਗੇਨ’ ਲਿਖੀਆਂ ਟੀ-ਸ਼ਰਟਾਂ ਪਾ ਰੱਖੀਆਂ ਸਨ ਤੇ ‘ਨਮੋ ਅਗੇਨ’ ਦੇ ਨਾਅਰੇ ਵੀ ਲਾਏ ਜਾ ਰਹੇ ਸੀ।