Pakistan Punjab News: ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਕਾਫ਼ਲੇ ਦੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸ਼ੱਕਰਗੜ੍ਹ ਰੋਡ 'ਤੇ ਚੰਦੋਵਾਲ ਸਟਾਪ 'ਤੇ ਇੱਕ ਮੋਟਰਸਾਈਕਲ ਸਵਾਰ ਨੂੰ ਕਥਿਤ ਤੌਰ ਉੱਤੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਮੁੱਖ ਮੰਤਰੀ ਵਿਸਾਖੀ ਦੇ ਤਿੰਨ ਦਿਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾ ਰਹੇ ਸਨ। ਉਨ੍ਹਾਂ ਦਾ ਕਾਫ਼ਲਾ ਨਾਰੋਵਾਲ ਤੋਂ ਕਰਤਾਰਪੁਰ ਜਾ ਰਿਹਾ ਸੀ ਇਸ ਦੌਰਾਨ ਇਲੀਟ ਫੋਰਸ ਦੀ ਗੱਡੀ ਨੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਦੀ ਪਛਾਣ 23 ਸਾਲਾ ਅਬੂਬਕਰ ਵਜੋ ਹੋਈ ਹੈ ਜਿਸ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਦੇ ਬਾਵਜੂਦ ਮੁੱਖ ਮੰਤਰੀ ਦਾ ਕਾਫ਼ਲਾ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਨਹੀਂ ਰੁਕਿਆ।
ਮ੍ਰਿਤਕ ਦੇ ਚਚੇਰੇ ਭਰਾ ਅਲੀ ਰਿਜ਼ਵਾਨ ਨੇ ਡਾਨ ਨੂੰ ਦੱਸਿਆ ਕਿ ਅਬੂਬਕਰ ਘਰ ਤੋਂ ਇੱਕ ਫਿਲਿੰਗ ਸਟੇਸ਼ਨ ਜਾ ਰਿਹਾ ਸੀ ਜਿੱਥੇ ਉਹ ਕੰਮ ਕਰਦਾ ਸੀ। ਉਸ ਨੇ ਅਫਸੋਸ ਜਤਾਇਆ ਕਿ ਕਿਸੇ ਵੀ ਅਧਿਕਾਰੀ ਨੇ ਜ਼ਖਮੀ ਅਬੂਬਕਰ ਦੀ ਮਦਦ ਲਈ ਉਨ੍ਹਾਂ ਦੀ ਕਾਰ ਨਹੀਂ ਰੋਕੀ ਅਤੇ ਨਾ ਹੀ ਉਸ ਨੂੰ ਚੁੱਕਿਆ। ਉਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਆਏ ਤੇ ਉਨ੍ਹਾਂ ਨੇ ਸੜਕ ਤੋਂ ਸਬੂਤ ਮਿਟਾਉਣ ਲਈ ਪਾਣੀ ਨਾਲ ਖੂਨ ਦੇ ਧੱਬੇ ਧੋ ਦਿੱਤੇ।
ਅਬੂਬਕਰ ਦੀ ਮਾਂ ਆਰਿਫਾ ਬੀਬੀ ਨੇ ਕਿਹਾ ਕਿ ਪੁਲਿਸ ਦੀ ਕਾਰ ਨੇ ਉਸ ਦੇ ਬੇਟੇ ਨੂੰ ਮਾਰ ਦਿੱਤਾ ਜੋ ਮਹਿੰਗਾਈ ਦੇ ਔਖੇ ਸਮੇਂ ਵਿੱਚ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਮਰੀਅਮ ਨਵਾਜ਼ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ-Iran-Israel Conflict: ਇਜ਼ਰਾਈਲ ਨੇ ਈਰਾਨ ਤੋਂ ਲਿਆ ਬਦਲਾ, ਦਾਗੀਆਂ ਮਿਜ਼ਾਈਲਾਂ, ਤਹਿਰਾਨ ਦੀਆਂ ਸਾਰੀਆਂ ਫਲਾਈਟਾਂ ਹੋਈਆਂ ਰੱਦ