Myanmar Trembled Again: ਮਿਆਂਮਾਰ ‘ਚ ਸ਼ੁੱਕਰਵਾਰ ਨੂੰ ਆਏ 7.7 ਤੀਵਰਤਾ ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਵੀ ਧਰਤੀ ਹਿੱਲ ਰਹੀ ਹੈ। ਯੂਐਸਜੀਐਸ ਦੇ ਮੁਤਾਬਕ, ਐਤਵਾਰ ਦੁਪਹਿਰ Mandalay City ਦੇ ਨੇੜੇ 5.1 ਤੀਵਰਤਾ ਦਾ ਨਵਾਂ ਭੂਚਾਲ ਆਇਆ।
ਭੂਚਾਲ ਮਹਿਸੂਸ ਹੁੰਦੇ ਹੀ ਲੋਕ ਦਹਿਸ਼ਤ ਵਿੱਚ ਚੀਕਦੇ ਹੋਏ ਗਲੀਆਂ ‘ਚ ਨਿਕਲ ਆਏ। ਸ਼ੁੱਕਰਵਾਰ ਨੂੰ ਆਏ ਭੂਚਾਲ ਨੇ ਕਈ ਇਮਾਰਤਾਂ ਨੂੰ ਢਾਹ ਦਿੱਤਾ, ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ। ਹੁਣ ਤੱਕ 1,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, 3,400 ਤੋਂ ਵੱਧ ਲੋਕ ਲਾਪਤਾ ਹਨ। ਅਨੁਮਾਨ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹਾਲੇ ਵਧ ਸਕਦੀ ਹੈ।
ਮਿਆਂਮਾਰ ‘ਚ ਲਗਾਤਾਰ ਆ ਰਹੇ ਭੂਚਾਲ ਦੇ ਝਟਕੇ
ਮਿਆਂਮਾਰ ‘ਚ ਭੂਚਾਲ ਦਾ ਸਿਲਸਿਲਾ ਜਾਰੀ ਹੈ। ਐਤਵਾਰ ਦੁਪਹਿਰ ਨੂੰ ਆਏ ਭੂਚਾਲ ਤੋਂ ਪਹਿਲਾਂ, ਸ਼ੁੱਕਰਵਾਰ ਨੂੰ 7.7 ਤੀਵਰਤਾ ਦੇ ਵੱਡੇ ਝਟਕੇ ਤੋਂ ਬਾਅਦ ਸ਼ਨੀਵਾਰ ਸ਼ਾਮ ਤੱਕ ਘੱਟੋ-ਘੱਟ ਪੰਜ ਹੋਰ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ‘ਚ ਸਭ ਤੋਂ ਤੇਜ਼ ਝਟਕੇ ਦੀ ਤੀਵਰਤਾ 6.4 ਰਹੀ।
ਲਗਾਤਾਰ ਭੂਚਾਲ ਆਉਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਅਤੇ ਹੱਫੜਾ-ਤਫੜੀ ਦੇ ਹਾਲਾਤ ਹਨ। ਮਿਆਂਮਾਰ ਭੂਚਾਲ ਸੰਵੇਦਨਸ਼ੀਲ ਖੇਤਰ ‘ਚ ਆਉਂਦਾ ਹੈ ਕਿਉਂਕਿ ਇਹ ਸਾਗਾਇੰਗ ਫਾਲਟ ‘ਤੇ ਸਥਿਤ ਹੈ। ਇਹ ਫਾਲਟ ਇੰਡੀਆ ਪਲੇਟ ਤੇ ਸੁੰਡਾ ਪਲੇਟ ਨੂੰ ਵੱਖ ਕਰਦਾ ਹੈ, ਜਿਸ ਕਾਰਨ ਇਥੇ ਆਏ ਦਿਨ ਭੂਚਾਲ ਆਉਂਦੇ ਰਹਿੰਦੇ ਹਨ।
'40 ਟਨ ਸਹਾਇਤਾ ਸਮੱਗਰੀ ਲੈ ਕੇ ਦੋ ਜਹਾਜ਼ ਰਵਾਨਾ'
ਭਿਆਨਕ ਭੂਚਾਲ ਦੀ ਮਾਰ ‘ਚ ਆਏ ਮਿਆਂਮਾਰ ਦੀ ਮਦਦ ਲਈ ਭਾਰਤ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ 40 ਟਨ ਸਹਾਇਤਾ ਸਮੱਗਰੀ ਲੈ ਕੇ ਦੋ ਜਹਾਜ਼ ਗੁਆਢੀ ਦੇਸ਼ ਲਈ ਰਵਾਨਾ ਹੋ ਗਏ ਹਨ।
ਉਨ੍ਹਾਂ ਨੇ ਲਿਖਿਆ, "ਓਪਰੇਸ਼ਨ ਬ੍ਰਹਮਾ ਅਧੀਨ INS ਸਤਪੁੜਾ ਤੇ INS ਸਾਵਿਤ੍ਰੀ 40 ਟਨ ਮਾਨਵਤਾ ਵਾਸਤੇ ਸਹਾਇਤਾ ਸਮੱਗਰੀ ਲੈ ਕੇ ਯੰਗੂਨ ਬੰਦਰਗਾਹ ਵੱਲ ਰਵਾਨਾ ਹੋ ਗਏ ਹਨ।"
ਇਕ ਹੋਰ ਟਵੀਟ ‘ਚ ਉਨ੍ਹਾਂ ਨੇ ਦੱਸਿਆ ਕਿ 80 ਮੈਂਬਰੀ NDRF ਦੀ ਟੀਮ ਵੀ ਨੇਪਿਡਾ ਤਰਫ਼ ਰਵਾਨਾ ਹੋਈ ਹੈ, ਜੋ ਮਿਆਂਮਾਰ ਵਿੱਚ ਰਾਹਤ ਤੇ ਬਚਾਅ ਕਾਰਜਾਂ ਵਿੱਚ ਮਦਦ ਕਰੇਗੀ।
ਦੂਜੇ ਪਾਸੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਮਿਆਂਮਾਰ ਦੇ ਸਿੰਯਰ ਜਨਰਲ ਮਿਨ ਆਂਗ ਹਲਾਇੰਗ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਮਸ਼ਕਲ ਘੜੀ ‘ਚ ਮਿਆਂਮਾਰ ਦੇ ਲੋਕਾਂ ਦੇ ਨਾਲ ਖੜ੍ਹਾ ਹੈ।