ਸੀਰੀਆ 'ਚ ਚੱਲ ਰਹੇ ਘਰੇਲੂ ਯੁੱਧ 'ਚ ਬਾਗੀਆਂ ਨੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਤੇ ਲਗਭਗ ਕਬਜ਼ਾ ਕਰ ਲਿਆ ਹੈ। ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲੀ ਅਸਦ ਦੇਸ਼ ਛੱਡ ਕੇ ਭੱਜ ਗਏ ਹਨ। ਹੁਣ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਅਸਦ ਜਿਸ ਜਹਾਜ਼ 'ਚ ਸਵਾਰ ਸਨ, ਉਹ 500 ਮੀਟਰ ਦੀ ਉਚਾਈ 'ਤੇ ਕਰੈਸ਼ ਹੋ ਗਿਆ ਹੈ।


ਹੋਰ ਪੜ੍ਹੋ : ਸੀਰੀਆ 'ਚ ਵਿਗੜੇ ਹਾਲਾਤ, ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ



ਸੀਰੀਆ 'ਚ ਤਾਜ਼ਾ ਘਟਨਾਵਾਂ 'ਚ ਬਾਗੀ ਧੜੇ ਰਾਜਧਾਨੀ ਦਮਿਸ਼ਕ ਤੱਕ ਪਹੁੰਚ ਗਏ ਹਨ, ਜਿਸ ਤੋਂ ਬਾਅਦ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਦੇਸ਼ ਛੱਡਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਉਨ੍ਹਾਂ ਦੇ ਸਥਾਨ ਅਤੇ ਸਥਿਤੀ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਅਸਦ ਜਿਸ ਜਹਾਜ਼ ਰਾਹੀਂ ਦਮਿਸ਼ਕ ਤੋਂ ਰਵਾਨਾ ਹੋਏ ਸਨ, ਉਹ ਕਰੈਸ਼ ਹੋ ਗਿਆ ਸੀ ਜਾਂ ਉਸ ਨੂੰ ਨਿਸ਼ਾਨਾ ਬਣਾ ਕੇ ਸੁੱਟ ਦਿੱਤਾ ਗਿਆ। ਇਨ੍ਹਾਂ ਅਫਵਾਹਾਂ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।


ਦੱਸਿਆ ਜਾ ਰਿਹਾ ਹੈ ਕਿ ਬਸ਼ਰ ਅਲ ਅਸਦ ਰੂਸ ਜਾਣ ਲਈ ਨਿਕਲੇ ਸਨ ਪਰ ਉਨ੍ਹਾਂ ਦੇ ਜਹਾਜ਼ ਨਾਲ ਕਥਿਤ ਹਾਦਸਾ ਹੋ ਗਿਆ। ਮਿਸਰ ਦੇ ਪੱਤਰਕਾਰ ਖਾਲਿਦ ਮਹਿਮੂਦ ਦੇ ਅਨੁਸਾਰ, IL-76 ਜਹਾਜ਼ ਦੀ ਉਚਾਈ ਵਿੱਚ ਅਚਾਨਕ ਗਿਰਾਵਟ ਨੇ ਸੰਕੇਤ ਦਿੱਤਾ ਕਿ ਇਸਨੂੰ "ਟਾਰਗੈਟ" ਬਣਾਇਆ ਗਿਆ ਹੋ ਸਕਦਾ ਹੈ। ਜਹਾਜ਼ ਦੇ ਰਡਾਰ ਤੋਂ ਗਾਇਬ ਹੋਣ ਤੋਂ ਬਾਅਦ ਲੇਬਨਾਨ ਨੇੜੇ ਡਿੱਗਣ ਦੀਆਂ ਖਬਰਾਂ ਹਨ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ ਹੈ।


ਸੀਰੀਆ 'ਚ ਫਸੇ ਭਾਰਤੀ ਨਾਗਰਿਕਾਂ ਲਈ ਵਿਦੇਸ਼ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ 


ਸੀਰੀਆ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸੀਰੀਆ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸੀਰੀਆ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਦੇ ਐਮਰਜੈਂਸੀ ਹੈਲਪਲਾਈਨ ਨੰਬਰ ਅਤੇ ਈਮੇਲ ਆਈਡੀ 'ਤੇ ਸੰਪਰਕ ਵਿੱਚ ਰਹਿਣ ਅਤੇ ਜੋ ਲੋਕ ਬਾਹਰ ਨਿਕਲਣ ਦੇ ਯੋਗ ਹਨ, ਉਹ ਜਲਦੀ ਤੋਂ ਜਲਦੀ ਉੱਥੋਂ ਚਲੇ ਜਾਣ।  ਆਪਣੀ ਸੁਰੱਖਿਆ ਬਾਰੇ ਬਹੁਤ ਸਾਵਧਾਨ ਰਹੋ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰੋ।