Deadly Attack on Imran Khan : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੀਰਵਾਰ (3 ਨਵੰਬਰ) ਨੂੰ ਹਮਲਾ ਕੀਤਾ ਹੋਇਆ ਹੈ। ਗ੍ਰਿਫਤਾਰ ਕੀਤੇ ਗਏ ਹਮਲਾਵਰਾਂ 'ਚੋਂ ਇਕ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਿਰਫ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਹਮਲਾਵਰ ਨੇ ਕਿਹਾ, ''ਇਮਰਾਨ ਖਾਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਉਹ ਅਜ਼ਾਨ ਨਾਲ ਡੈੱਕ ਲਗਾ ਕੇ ਰੌਲਾ ਪਾ ਰਿਹਾ ਸੀ। ਮੈਂ ਸਿਰਫ ਇਮਰਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ।” ਹਮਲਾਵਰ ਨੇ ਅੱਗੇ ਕਿਹਾ, “ਮੇਰੇ ਪਿੱਛੇ ਕੋਈ ਨਹੀਂ ਹੈ। ਮੈਂ ਇਕੱਲਾ ਹੀ ਆਇਆ ਸੀ। ਜਿਸ ਦਿਨ ਤੋਂ ਲਾਹੌਰ ਤੋਂ ਚੱਲਿਆ ਸੀ , ਓਸੇ ਦਿਨ ਤੋਂ ਇਮਰਾਨ ਨੂੰ ਮਾਰਨ ਦਾ ਪਲਾਨ ਸੀ।

ਖਬਰਾਂ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਨ੍ਹਾਂ ਦਾ ਕਾਫਲਾ ਗੁਜਰਾਂਵਾਲਾ ਦੇ ਅੱਲਾ ਹੂ ਚੌਕ ਨੇੜੇ ਸੀ। ਦੋ ਹਮਲਾਵਰਾਂ ਨੇ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਕ ਹਮਲਾਵਰ ਮਾਰਿਆ ਗਿਆ ਅਤੇ ਇਕ ਨੂੰ ਕਾਬੂ ਕਰ ਲਿਆ ਗਿਆ। ਮੀਡੀਆ 'ਚ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪੀਟੀਆਈ ਕੈਂਪ ਨੇੜੇ ਇਕ ਵਿਅਕਤੀ ਹੱਥ 'ਚ ਪਿਸਤੌਲ ਫੜੀ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਕ ਤਸਵੀਰ 'ਚ ਇਮਰਾਨ ਖਾਨ ਸਮਰਥਕਾਂ 'ਚ ਘਿਰੇ ਬਚਦੇ ਨਜ਼ਰ ਆ ਰਹੇ ਹਨ।


 

ਗੋਲੀ ਲੱਗਣ ਤੋਂ ਬਾਅਦ ਇਹ ਬੋਲੇ ਇਮਰਾਨ ਖਾਨ 


ਪਾਕਿਸਤਾਨੀ ਮੀਡੀਆ ਮੁਤਾਬਕ ਇਮਰਾਨ ਖਾਨ ਨੂੰ ਦੋਵੇਂ ਲੱਤਾਂ 'ਚ ਗੋਲੀ ਲੱਗੀ ਹੈ। ਉਨ੍ਹਾਂ ਨੂੰ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਮਲੇ ਤੋਂ ਬਾਅਦ ਇਮਰਾਨ ਨੇ ਕਿਹਾ ਕਿ ਉਹ ਅੱਲ੍ਹਾ ਦੀ ਕਿਰਪਾ ਨਾਲ ਬਚ ਗਿਆ, ਉਸ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ਪਹੁੰਚੇ। ਮੁੱਖ ਮੰਤਰੀ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਮੁਤਾਬਕ ਇਮਰਾਨ ਖਾਨ ਨੇ ਪਰਵੇਜ਼ ਇਲਾਹੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੇ ਹਨ।

ਪੰਜਾਬ ਪੁਲਿਸ ਨੇ ਦਿੱਤੀ ਇਹ ਜਾਣਕਾਰੀ 


ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਵਜ਼ੀਰਾਬਾਦ 'ਚ ਮਾਰਚ ਦੌਰਾਨ ਕੰਟੇਨਰ ਨੇੜੇ ਪੀਟੀਆਈ ਮੁਖੀ ਇਮਰਾਨ ਖਾਨ 'ਤੇ ਹਮਲੇ ਦੀ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਅੱਜ਼ਮ ਨਵਾਜ਼ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਪੰਜਾਬ ਦੇ ਇੰਸਪੈਕਟਰ ਜਨਰਲ ਫੈਜ਼ਲ ਸ਼ਾਹਕਾਰ ਨੇ ਇਮਰਾਨ ਖ਼ਾਨ 'ਤੇ ਹਮਲੇ ਸਬੰਧੀ ਗੁਜਰਾਤ ਦੇ ਖੇਤਰੀ ਪੁਲਿਸ ਅਧਿਕਾਰੀ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਦੇ ਨਾਲ ਹੀ ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲੇ 'ਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 15 ਤੋਂ 16 ਤੱਕ ਹੈ।

ਪਾਕਿ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਪੰਜਾਬ ਪੁਲਿਸ ਨੂੰ ਤੁਰੰਤ ਅਪਰਾਧ ਦੇ ਸਥਾਨ ਦੀ ਘੇਰਾਬੰਦੀ ਕਰਨ ਅਤੇ ਇਮਰਾਨ ਖਾਨ ਦੇ ਕੰਟੇਨਰ ਨੂੰ ਸੀਲ ਕਰਨ ਲਈ ਕਿਹਾ ਹੈ, ਜੋ ਕਿ ਹੁਣ ਤੱਕ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਅਤੇ ਸਬੂਤ ਇਕੱਠੇ ਕੀਤੇ ਜਾਣਗੇ। ਮਰੀਅਮ ਨੇ ਸਿਆਸੀ ਹਸਤੀਆਂ ਨੂੰ ਵੀ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਮਰਾਨ 'ਤੇ ਹਮਲੇ ਦੀ ਨਿੰਦਾ ਕੀਤੀ ਹੈ।

ਇਸ ਦੌਰਾਨ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਆਲਮਗੀਰ ਖਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਨਿੱਜੀ ਬਾਡੀ ਗਾਰਡ ਨੂੰ ਵੀ ਸ਼ੱਕ ਦੇ ਚੱਲਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਆਪਣਾ ਬਚਾਅ ਕਰਦਿਆਂ ਸਰਕਾਰ 'ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਹੈ।