ਕਾਬੁਲ: ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਨੂੰ ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਕਾਬੁਲ ਸਮੇਤ ਕਈ ਸ਼ਹਿਰਾਂ 'ਚ ਆਜ਼ਾਦੀ ਦਿਵਸ ਰੈਲੀ 'ਚ ਰਾਸ਼ਟਰੀ ਝੰਡਾ ਲਹਿਰਾਉਣ ਵਾਲੇ ਲੋਕਾਂ 'ਤੇ ਤਾਲਿਬਾਨ ਲੜਾਕਿਆਂ ਵੱਲੋਂ ਗੋਲੀਬਾਰੀ ਕੀਤੀ ਗਈ। ਜਿਸ 'ਚ ਕਈ ਲੋਕਾਂ ਦੀ ਮੌਤ ਹੋ ਗਈ।
ਇਸਲਾਮੀ ਅਮੀਰਾਤ ਦੀ ਸਿਰਜਣਾ ਦਾ ਐਲਾਨ
ਉਧਰ ਦੂਜੇ ਪਾਸੇ ਤਾਲਿਬਾਨ ਨੇ ਵੀਰਵਾਰ ਨੂੰ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਬਣਾਉਣ ਦਾ ਐਲਾਨ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਇੱਕ ਟਵੀਟ ਵਿੱਚ ਐਲਾਨ ਕੀਤਾ ਕਿ ਸੰਗਠਨ ਨੇ ਬ੍ਰਿਟਿਸ਼ ਸ਼ਾਸਨ ਤੋਂ ਅਫਗਾਨਿਸਤਾਨ ਦੀ ਆਜ਼ਾਦੀ ਦੀ 102 ਵੀਂ ਵਰ੍ਹੇਗੰਢ ਮੌਕੇ ਇੱਕ ਇਸਲਾਮਿਕ ਅਮੀਰਾਤ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਮੁਜਾਹਿਦ ਨੇ ਟਵੀਟ ਕੀਤਾ ਕਿ ਇਸਲਾਮਿਕ ਅਮੀਰਾਤ ਸਾਰੇ ਦੇਸ਼ਾਂ ਨਾਲ ਬਿਹਤਰ ਕੂਟਨੀਤਕ ਅਤੇ ਵਪਾਰਕ ਸਬੰਧ ਚਾਹੁੰਦਾ ਹੈ। ਅਸੀਂ ਕਿਸੇ ਵੀ ਦੇਸ਼ ਨਾਲ ਵਪਾਰ ਨਾ ਕਰਨ ਬਾਰੇ ਨਹੀਂ ਕਿਹਾ। ਇਸ ਬਾਰੇ ਫੈਲਾਈਆਂ ਗਈਆਂ ਅਫਵਾਹਾਂ ਸੱਚ ਨਹੀਂ ਹਨ ਅਤੇ ਅਸੀਂ ਇਸ ਨੂੰ ਰੱਦ ਕਰਦੇ ਹਾਂ।
ਮੁਜਾਹਿਦ ਨੇ ਕਿਹਾ ਕਿ ਦੁਨੀਆ ਨੂੰ ਸਾਨੂੰ ਸਹਿਣ ਕਰਨਾ ਚਾਹੀਦਾ ਹੈ। ਅਸੀਂ ਕਿਸੇ ਦੇ ਘਰ 'ਤੇ ਹਮਲਾ ਨਹੀਂ ਕੀਤਾ। ਅਸੀਂ ਦੁਨੀਆ ਨੂੰ ਦੱਸਦੇ ਹਾਂ ਕਿ ਅਸੀਂ ਪੂਰੀ ਦੁਨੀਆ ਨਾਲ ਕੂਟਨੀਤਕ ਸਬੰਧ ਚਾਹੁੰਦੇ ਹਾਂ, ਪਰ ਅਸੀਂ ਆਪਣੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਦੀ ਦਖਲਅੰਦਾਜ਼ੀ ਨੂੰ ਸਵੀਕਾਰ ਨਹੀਂ ਕਰ ਸਕਦੇ। ਅਸੀਂ ਕਿਸੇ ਦੀ ਤਾਕਤ ਨੂੰ ਸਵੀਕਾਰ ਨਹੀਂ ਕਰਦੇ ਅਤੇ ਨਾ ਹੀ ਕਿਸੇ ਦੇ ਹਥਿਆਰਾਂ ਦੇ ਅੱਗੇ ਸਮਰਪਣ ਕਰਦੇ ਹਾਂ।
ਨਾਟੋ ਕਰੇਗਾ ਐਮਰਜੈਂਸੀ ਮੀਟਿੰਗ
ਇਸ ਦੇ ਨਾਲ ਹੀ ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਅੱਜ ਹੋਣ ਵਾਲੀ 30 ਦੇਸ਼ਾਂ ਦੇ ਫੌਜੀ ਗੱਠਜੋੜ ਦੇ ਵਿਦੇਸ਼ ਮੰਤਰੀਆਂ ਦੀ ਇੱਕ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਅਫਗਾਨਿਸਤਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਟੋਲਟੇਨਬਰਗ ਨੇ ਬੁੱਧਵਾਰ ਨੂੰ ਟਵੀਟ ਕਰ ਕਿਹਾ, "ਅਫਗਾਨਿਸਤਾਨ 'ਤੇ ਸਾਡਾ ਸਾਂਝਾ ਰੁਖ ਅਤੇ ਤਾਲਮੇਲ ਜਾਰੀ ਰੱਖਣ" ਲਈ ਇੱਕ ਵੀਡੀਓ ਕਾਨਫਰੰਸ ਬੁਲਾਈ ਗਈ ਹੈ। ਸਟੋਲਟੇਨਬਰਗ ਨੇ ਮੰਗਲਵਾਰ ਨੂੰ ਪੱਛਮੀ ਸਮਰਥਤ ਸੁਰੱਖਿਆ ਬਲਾਂ ਦੀ ਤੇਜ਼ੀ ਨਾਲ ਹੋਈ ਹਾਰ ਲਈ ਅਫਗਾਨਿਸਤਾਨ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਮੰਨਿਆ ਕਿ ਨਾਟੋ ਨੂੰ ਆਪਣੇ ਫੌਜੀ ਸਿਖਲਾਈ ਪ੍ਰੋਗਰਾਮ ਵਿੱਚ ਅੰਤਰ ਨੂੰ ਵੀ ਦੂਰ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਨਾਟੋ 2003 ਤੋਂ ਅਫਗਾਨਿਸਤਾਨ ਵਿੱਚ ਅੰਤਰਰਾਸ਼ਟਰੀ ਸੁਰੱਖਿਆ ਯਤਨਾਂ ਦੀ ਅਗਵਾਈ ਕਰ ਰਿਹਾ ਹੈ, ਪਰ 2014 ਵਿੱਚ ਉਸਨੇ ਰਾਸ਼ਟਰੀ ਸੁਰੱਖਿਆ ਬਲਾਂ ਦੀ ਸਿਖਲਾਈ 'ਤੇ ਧਿਆਨ ਕੇਂਦਰਤ ਕਰਨ ਲਈ ਆਪਣਾ ਸੰਚਾਲਨ ਖ਼ਤਮ ਕਰ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin