Nepal Accident:  ਮੱਧ-ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿੱਚ ਸ਼ੁੱਕਰਵਾਰ (12 ਜਨਵਰੀ) ਦੇਰ ਰਾਤ, ਇੱਕ ਬੱਸ ਨਦੀ ਵਿੱਚ ਡਿੱਗ ਗਈ ਅਤੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਦੋ ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡਾਂਗ ਜ਼ਿਲ੍ਹੇ ਦੇ ਭਲਬੰਗ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਕੁੱਲ 12 ਲੋਕਾਂ ਵਿੱਚੋਂ 8 ਲੋਕਾਂ ਦੀ ਪਛਾਣ ਹੋ ਗਈ ਹੈ। ਭਲੂਬੰਗ ਪੁਲਿਸ ਦੇ ਚੀਫ਼ ਇੰਸਪੈਕਟਰ ਉੱਜਵਲ ਬਹਾਦਰ ਸਿੰਘ ਨੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਤਰੀ ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ। ਇਸ ਦੌਰਾਨ ਬੱਸ ਪੁਲ ਤੋਂ ਤਿਲਕ ਕੇ ਰਾਪਤੀ ਨਦੀ ਵਿੱਚ ਜਾ ਡਿੱਗੀ।


ਥਾਣਾ ਮੁਖੀ ਇੰਸਪੈਕਟਰ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ 8 ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਦੋ ਭਾਰਤੀ ਵੀ ਸ਼ਾਮਲ ਹਨ। ਨੇਪਾਲ ਦੇ ਭਲੁਬੰਗ ਖੇਤਰੀ ਪੁਲਿਸ ਦਫ਼ਤਰ ਨੇ ਏਐਨਆਈ ਨੂੰ ਫ਼ੋਨ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਸ ਹਾਦਸੇ ਵਿੱਚ 22 ਸਵਾਰੀਆਂ ਜ਼ਖ਼ਮੀ ਵੀ ਹੋਈਆਂ ਹਨ।


ਹਾਦਸੇ ਵਿੱਚ ਮਾਰੇ ਗਏ ਦੋ ਭਾਰਤੀਆਂ ਦੀ ਪਛਾਣ


ਨੇਪਾਲ ਬੱਸ ਹਾਦਸੇ ਵਿੱਚ ਮਾਰੇ ਗਏ ਦੋ ਭਾਰਤੀਆਂ ਦੀ ਪਛਾਣ ਹੋ ਗਈ ਹੈ। ਇਨ੍ਹਾਂ 'ਚੋਂ ਇਕ ਵਿਅਕਤੀ ਯੋਗੇਂਦਰ ਰਾਮ (67) ਵਾਸੀ ਬਿਹਾਰ ਦੇ ਮਾਲਾਹੀ ਹੈ, ਜਦਕਿ ਦੂਜੇ ਮ੍ਰਿਤਕ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਨੇ (31) ਵਜੋਂ ਹੋਈ ਹੈ। ਨੇਪਾਲ ਪੁਲਿਸ ਦੇ ਚੀਫ਼ ਇੰਸਪੈਕਟਰ ਨੇ ਮਾਮਲੇ 'ਤੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਮਹੀ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ ਇਸ ਸਬੰਧੀ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


ਪਿਛਲੇ ਸਾਲ ਵੀ ਹੋਇਆ ਸੀ ਨੇਪਾਲ ਵਿੱਚ ਹਾਦਸਾ


ਪਿਛਲੇ ਸਾਲ ਵੀ ਮਾਰਚ ਮਹੀਨੇ ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਬੱਸ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਇੱਕ ਬੱਸ ਪਹਾੜੀ ਨਾਲ ਟਕਰਾ ਗਈ ਸੀ। ਇਸ ਹਾਦਸੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਕਾਠਮੰਡੂ ਪੋਸਟ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ਵਿੱਚ 34 ਯਾਤਰੀ ਸਵਾਰ ਸਨ। ਪਹਾੜੀ ਇਲਾਕੇ 'ਚ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਅਤੇ ਰਾਹਤ ਬਲਾਂ ਨੇ ਬੱਸ ਨੂੰ ਉਥੋਂ ਹਟਾ ਦਿੱਤਾ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਚਿਰੰਜੀਵੀ ਦਹਿਲ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ।