ਈਰਾਨ ਅਤੇ ਇਜ਼ਰਾਈਲ ਵਿਚਕਾਰ ਐਲਾਨੀ ਗਈ ਜੰਗਬੰਦੀ ਤੋਂ ਕੁਝ ਘੰਟਿਆਂ ਬਾਅਦ ਹੀ ਸਥਿਤੀ ਫਿਰ ਤੋਂ ਵਿਗੜ ਗਈ ਹੈ। ਇਜ਼ਰਾਈਲ ਨੇ ਮੰਗਲਵਾਰ ਨੂੰ ਤਹਿਰਾਨ ਨੇੜੇ ਇੱਕ ਈਰਾਨੀ ਰਾਡਾਰ ਸਾਈਟ 'ਤੇ ਹਵਾਈ ਹਮਲਾ ਕੀਤਾ। Axios ਦੇ ਅਨੁਸਾਰ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਪੱਸ਼ਟ ਕਰ ਦਿੱਤਾ ਕਿ ਹਮਲੇ ਤੋਂ ਬਚਣਾ ਸੰਭਵ ਨਹੀਂ ਹੈ ਤੇ ਈਰਾਨ ਦੀ ਕਾਰਵਾਈ ਦੇ ਜਵਾਬ ਵਿੱਚ ਕੁਝ ਕਰਨਾ ਜ਼ਰੂਰੀ ਹੈ।
ਇਜ਼ਰਾਈਲ ਨੇ ਇਸਨੂੰ 'ਸੀਮਤ ਬਦਲਾ' ਦੱਸਿਆ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇਹ ਹਮਲਾ ਈਰਾਨ ਵੱਲੋਂ ਜੰਗਬੰਦੀ ਤੋੜਨ ਅਤੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਜਾਣ ਦੇ ਜਵਾਬ ਵਿੱਚ ਕੀਤਾ ਗਿਆ ਹੈ। ਇਸ ਦੌਰਾਨ, ਈਰਾਨੀ ਮੀਡੀਆ ਮਿਜ਼ਾਨ ਅਤੇ ਸ਼ਾਰਘ ਨੇ ਰਿਪੋਰਟ ਦਿੱਤੀ ਹੈ ਕਿ ਇਜ਼ਰਾਈਲ ਨੇ ਉੱਤਰੀ ਈਰਾਨ ਦੇ ਬਾਬੋਲਸਰ ਸ਼ਹਿਰ 'ਤੇ ਹਮਲਾ ਕੀਤਾ ਹੈ। ਇਜ਼ਰਾਈਲੀ ਆਰਮੀ ਰੇਡੀਓ ਨੇ ਪੁਸ਼ਟੀ ਕੀਤੀ ਹੈ ਕਿ ਤਹਿਰਾਨ ਦੇ ਨੇੜੇ ਇੱਕ ਰਾਡਾਰ ਸਾਈਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਟਰੰਪ ਨੇ ਨਾਰਾਜ਼ਗੀ ਪ੍ਰਗਟ ਕੀਤੀ
ਟਰੰਪ ਨੇ ਵ੍ਹਾਈਟ ਹਾਊਸ ਦੇ ਲਾਅਨ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਪੂਰੀ ਘਟਨਾ 'ਤੇ ਨਾਰਾਜ਼ਗੀ ਪ੍ਰਗਟ ਕੀਤੀ। ਈਰਾਨ-ਇਜ਼ਰਾਈਲ ਯੁੱਧ 'ਤੇ ਟਿੱਪਣੀ ਕਰਦੇ ਹੋਏ, ਉਨ੍ਹਾਂ ਨੇ ਗੁੱਸੇ ਵਿੱਚ ਅਪਸ਼ਬਦ ਦੀ ਵਰਤੋਂ ਕੀਤੀ ਅਤੇ ਕਿਹਾ, 'ਉਹ ਇੰਨੇ ਲੰਬੇ ਸਮੇਂ ਤੋਂ ਲੜ ਰਹੇ ਹਨ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਉਹ ਕੀ ਕਰ ਰਹੇ ਹਨ।
ਟਰੰਪ ਨੇ ਕਿਹਾ ਕਿ ਉਹ ਦੋਵਾਂ ਧਿਰਾਂ, ਖਾਸ ਕਰਕੇ ਇਜ਼ਰਾਈਲ ਨਾਲ ਨਾਰਾਜ਼ ਹਨ, ਜਿਸਨੇ ਜੰਗਬੰਦੀ ਦੇ ਬਾਵਜੂਦ ਕਾਰਵਾਈ ਕੀਤੀ। ਟਰੰਪ ਨੇ ਜ਼ੋਰ ਦੇ ਕੇ ਕਿਹਾ, 'ਮੈਂ ਸਪੱਸ਼ਟ ਤੌਰ 'ਤੇ ਕਿਹਾ ਸੀ - ਬੰਬ ਨਾ ਸੁੱਟੋ, ਆਪਣੇ ਪਾਇਲਟਾਂ ਨੂੰ ਵਾਪਸ ਬੁਲਾਓ।' ਪਰ ਇਸ ਦੇ ਬਾਵਜੂਦ ਹਮਲਾ ਹੋਇਆ।
ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਇਸਦਾ ਜਵਾਬ ਤੇਜ਼ ਅਤੇ 'ਦੁੱਗਣਾ ਵਿਨਾਸ਼ਕਾਰੀ' ਹੋਵੇਗਾ। ਈਰਾਨੀ ਰੈਵੋਲਿਊਸ਼ਨਰੀ ਗਾਰਡ (IRGC) ਨੇ ਸਪੱਸ਼ਟ ਕਰ ਦਿੱਤਾ ਹੈ ਕਿ 'ਇਹ ਚੇਤਾਵਨੀ ਨਹੀਂ ਹੈ, ਸਗੋਂ ਇੱਕ ਸ਼ੁਰੂਆਤ ਹੈ।'