ਨਿਊਯਾਰਕ: ਅਮਰੀਕੀ ਸ਼ਹਿਰ ਨਿਊਯਾਰਕ ਦੇ ਮੇਅਰ ਬਿੱਲ ਡੇ ਬਲਾਸੀਓ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਇੱਕ ਆਦੇਸ਼ ਜਾਰੀ ਕੀਤਾ ਹੈ। ਇਸ ‘ਚ ਕਿਸੇ ਵੀ ਸਰਕਾਰੀ ਥਾਂ ‘ਤੇ ਸ਼ਰਾਬ ਦੇ ਇਸ਼ਤਿਹਾਰਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਬੱਸ ਸਟੈਂਡ, ਨਿਊਜ਼ ਸਟੈਂਡ ਤੇ ਵਾਈ-ਫਾਈ ਕੇਂਦਰਾਂ ‘ਤੇ ਲਾਗੂ ਹੋਵੇਗਾ।



ਨਵੇਂ ਇਸ਼ਤਿਹਾਰਾਂ ਲਈ ਇਹ ਹੁਕਮ ਹੁਣ ਤੋਂ ਹੀ ਲਾਗੂ ਹੋਵੇਗਾ ਜਦੋਂਕਿ ਪੁਰਾਣੇ ਇਸ਼ਤਿਹਾਰਾਂ ਨੂੰ ਉਨ੍ਹਾਂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਹਟਾ ਦਿੱਤਾ ਜਾਵੇਗਾ। ਡੈਮੋਕ੍ਰੇਟਿਕ ਪਾਰਟੀ ਦੇ ਬਲਾਸਿਓ ਨੇ ਇੱਕ ਬਿਆਨ ‘ਚ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਕਿ ਨਿਊਯਾਰਕ ‘ਚ ਕਈ ਲੋਕ ਨਸ਼ੇ ਦੀ ਆਦਤ ਨਾਲ ਜੂਝ ਰਹੇ ਹਨ।

ਉਨ੍ਹਾਂ ਕਿਹਾ, “ਸਰਕਾਰੀ ਥਾਵਾਂ ‘ਤੇ ਸ਼ਰਾਬ ਦਾ ਪ੍ਰਚਾਰ ਕਰਨਾ ਸਿਹਤ ਪ੍ਰਤੀ ਸਾਡੀ ਜ਼ਿੰਮੇਦਾਰੀ ਤੇ ਨਿਊਯਾਰਕ ਦੇ ਲੋਕਾਂ ਦੀ ਸੁਰੱਖਿਆ ਲਈ ਸਾਡੀ ਫਿਕਰ ਨੂੰ ਦਰਸ਼ਾਉਂਦਾ ਹੈ।” ਬਿਆਨ ਮੁਤਾਬਕ, ਨਿਊਯਾਰਕ ਸ਼ਹਿਰ ‘ਚ 2016 ‘ਚ ਸ਼ਰਾਬ ਕਰਕੇ 2000 ਲੋਕਾਂ ਦੀ ਮੌਤ ਹੋਈ, ਜਦੋਂਕਿ 1,10,000 ਲੋਕ ਹਸਪਤਾਲ ‘ਚ ਦਾਖਲ ਹੋਏ ਸੀ।