North Korea: ਉੱਤਰੀ ਕੋਰੀਆ ਨੇ ਹੁਣ ਇੱਕ ਹਾਈਪਰਸੋਨਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਮੰਗਲਵਾਰ ਨੂੰ ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤਾਨਾਸ਼ਾਹ ਕਿਮ ਜੋਂਗ ਉਨ ਇੱਕ ਸਾਲ ਤੋਂ ਵੱਧ ਸਮੇਂ 'ਚ ਪਹਿਲੀ ਵਾਰ ਲਾਂਚ 'ਚ ਸ਼ਾਮਲ ਹੋਏ। ਉੱਤਰੀ ਕੋਰੀਆ ਦੇ ਹਾਈਪਰਸੋਨਿਕ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ।



ਉੱਤਰੀ ਕੋਰੀਆ ਨੇ ਕੀਤਾ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ
ਅਮਰੀਕਾ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਲਾਂਚ ਨੂੰ ਕੌਮਾਂਤਰੀ ਭਾਈਚਾਰੇ ਲਈ 'ਖ਼ਤਰਾ' ਦੱਸਿਆ ਹੈ। ਇਸ ਨੇ ਦੱਖਣੀ ਕੋਰੀਆ ਅਤੇ ਜਾਪਾਨ ਦੀ ਰੱਖਿਆ ਲਈ ਵੀ ਵਚਨਬੱਧਤਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਿਮ ਜੋਂਗ ਉਨ ਨੇ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ।

ਮੰਗਲਵਾਰ ਨੂੰ ਦੱਖਣੀ ਕੋਰੀਆ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਵੀ ਸ਼ੱਕੀ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਅਮਰੀਕਾ ਅਤੇ ਜਾਪਾਨ ਦੇ ਅਧਿਕਾਰੀਆਂ ਵੱਲੋਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜੇ ਟੈਸਟ ਨੇ ਕਿਮ ਜੋਂਗ ਉਨ ਦੇ ਨਵੇਂ ਸਾਲ ਦੇ ਸੰਕਲਪ ਨੂੰ ਰੇਖਾਂਕਿਤ ਕੀਤਾ ਹੈ ਕਿ ਉਹ ਆਧੁਨਿਕ ਤਕਨਾਲੋਜੀ ਨਾਲ ਫ਼ੌਜ ਨੂੰ ਹੋਰ ਮਜ਼ਬੂਤ ਕਰਨਗੇ।

ਕਿਮ ਨੂੰ ਅਮਰੀਕਾ ਦੀ ਕੋਈ ਪਰਵਾਹ ਨਹੀਂ!
ਪਿਛਲੇ ਸਾਲ ਮਾਰਚ 2020 ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਕਿਮ ਜੋਂਗ ਉਨ ਨੇ ਅਧਿਕਾਰਤ ਤੌਰ 'ਤੇ ਮਿਜ਼ਾਈਲ ਟੈਸਟ 'ਚ ਹਿੱਸਾ ਲਿਆ। ਕੁਝ ਹੋਰ ਹਾਲੀਆ ਪ੍ਰੀਖਣਾਂ ਦੇ ਉਲਟ ਸੱਤਾਧਾਰੀ ਪਾਰਟੀ ਦੇ ਅਖ਼ਬਾਰ ਰੋਡੋਂਗ ਸਿਨਮੁਨ (Rodong Sinmun) ਨੇ ਆਪਣੇ ਪਹਿਲੇ ਪੇਜ਼ 'ਤੇ ਕਿਮ ਜੋਂਗ ਉਨ ਦੀਆਂ ਹਾਈਪਰਸੋਨਿਕ ਮਿਜ਼ਾਈਲ ਪ੍ਰੀਖਣ 'ਚ ਹਿੱਸਾ ਲੈਣ ਦੀਆਂ ਫ਼ੋਟੋਆਂ ਪ੍ਰਕਾਸ਼ਿਤ ਕੀਤੀਆਂ।

ਉੱਤਰੀ ਕੋਰੀਆ ਦੀ ਨਿਗਰਾਨੀ ਕਰਨ ਵਾਲੇ ਕੋਰੀਆ ਰਿਸਕ ਗਰੁੱਪ ਦੇ ਚੀਫ਼ ਐਗਜ਼ੀਕਿਊਟਿਵ ਚਾਡ ਓ ਕੈਰੋਲ (Chad O'Carroll) ਨੇ ਕਿਹਾ ਕਿ ਕਿਮ ਜੋਂਗ ਨੇ ਗ਼ੈਰ-ਰਸਮੀ ਤੌਰ 'ਤੇ ਹੋਰ ਟੈਸਟਾਂ 'ਚ ਹਿੱਸਾ ਲਿਆ ਹੋ ਸਕਦਾ ਹੈ, ਪਰ ਰੋਡੋਂਗ ਸਿਨਮੁਨ 'ਤੇ ਉਨ੍ਹਾਂ ਦੀ ਮੌਜੂਦਗੀ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਹੈ ਕਿ ਕਿਮ ਜੋਂਗ ਨਵੀਂ ਤਕਨਾਲੋਜੀ ਦੇ ਨਾਲ ਪ੍ਰੀਖਣਾਂ 'ਚ ਨਿੱਜੀ ਤੌਰ 'ਤੇ ਸ਼ਾਮਲ ਹੋਣ ਬਾਰੇ ਚਿੰਤਤ ਨਹੀਂ ਹੈ ਤੇ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਅਮਰੀਕਾ ਇਸ ਨੂੰ ਕਿਵੇਂ ਦੇਖਦਾ ਹੈ।



ਇਹ ਵੀ ਪੜ੍ਹੋ : PM Security Breach: ਸੁਪਰੀਮ ਕੋਰਟ ਨੇ ਸਾਬਕਾ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ 'ਚ ਜਾਂਚ ਕਮੇਟੀ ਦਾ ਕੀਤਾ ਗਠਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490