Israel-Iran War: ਇਜ਼ਰਾਈਲ ਤੇ ਈਰਾਨ ਵਿਚਾਲੇ ਟਕਰਾਅ ਪੰਜਵੇਂ ਦਿਨ ਹੋਰ ਵੀ ਗੰਭੀਰ ਹੋ ਗਿਆ ਹੈ। ਇਸ ਜੰਗ ਵਿੱਚ ਹੁਣ ਅਮਰੀਕਾ ਦੀ ਸਿੱਧੀ ਐਂਟਰੀ ਹੋਣ ਵਾਲੀ ਹੈ। ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਵਿੱਚ ਹੋ ਰਹੇ ਜੀ-7 ਸੰਮੇਲਨ ਨੂੰ ਵਿਚਾਲੇ ਛੱਡ ਕੇ ਹੀ ਅਮਰੀਕਾ ਲਈ ਰਵਾਨਾ ਹੋ ਗਏ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਮੱਧ ਪੂਰਬ ਵਿੱਚ ਤਣਾਅ ਕਾਰਨ ਇਹ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਹੈ ਕਿ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਖਾਲੀ ਕਰ ਦਿੱਤਾ ਜਾਏ।
ਹਾਲਾਤ ਵਿਗੜੇ ਵੇਖ ਭਾਰਤੀ ਦੂਤਾਵਾਸ ਨੇ ਈਰਾਨ ਵਿੱਚ ਰਹਿਣ ਵਾਲੇ ਭਾਰਤੀ ਲੋਕਾਂ ਨੂੰ ਸ਼ਹਿਰ ਛੱਡਣ ਤੇ ਸੁਰੱਖਿਅਤ ਜਗ੍ਹਾ 'ਤੇ ਜਾਣ ਦੀ ਸਲਾਹ ਦਿੱਤੀ ਹੈ। ਕੁਝ ਘੰਟੇ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਤਹਿਰਾਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਸ਼ਹਿਰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ ਸੀ। ਇਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਇਜ਼ਰਾਈਲ ਵੱਡਾ ਹਮਲਾ ਕਰਨ ਜਾ ਰਿਹਾ ਹੈ।
ਦੱਸ ਦਈਏ ਕਿ ਇਜ਼ਰਾਈਲ ਨੇ ਸੋਮਵਾਰ ਰਾਤ ਨੂੰ ਤਹਿਰਾਨ 'ਤੇ ਕਈ ਹਵਾਈ ਹਮਲੇ ਕੀਤੇ। ਇਸ ਦੇ ਨਾਲ ਹੀ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਤੇ ਹਾਈਫਾ 'ਤੇ ਬੰਬਾਰੀ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਅਯਾਤੁੱਲਾ ਖਮੇਨੀ ਦੀ ਹੱਤਿਆ ਨਾਲ ਹੀ ਯੁੱਧ ਖਤਮ ਹੋਏਗਾ। ਇਜ਼ਰਾਈਲ ਦੇ ਹਮਲਿਆਂ ਵਿੱਚ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦੋਂ ਕਿ 1,481 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਿੱਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦੋਂ ਕਿ 600 ਤੋਂ ਵੱਧ ਜ਼ਖਮੀ ਹੋਏ ਹਨ।
ਉਧਰ, ਅਮਰੀਕਾ ਦੀ ਵੀ ਜੰਗ ਵਿੱਚ ਐਂਟਰੀ ਹੋ ਰਹੀ ਹੈ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਅਮਰੀਕਾ ਨੇ ਮੱਧ ਪੂਰਬ ਤੇ ਯੂਰਪ ਵਿੱਚ ਆਪਣੀ ਫੌਜੀ ਤਾਕਤ ਵਧਾ ਦਿੱਤੀ ਹੈ। ਅਮਰੀਕਾ ਨੇ ਇਨ੍ਹਾਂ ਥਾਵਾਂ 'ਤੇ ਲੜਾਕੂ ਜਹਾਜ਼ਾਂ ਨੂੰ ਈਂਧਨ ਭਰਨ ਲਈ ਜਹਾਜ਼ ਤੇ ਜੰਗੀ ਜਹਾਜ਼ ਤਾਇਨਾਤ ਕੀਤੇ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ, ਐਤਵਾਰ ਤੇ ਸੋਮਵਾਰ ਨੂੰ ਅਮਰੀਕਾ ਤੋਂ ਦੋ ਦਰਜਨ ਤੋਂ ਵੱਧ ਟੈਂਕਰ ਜਹਾਜ਼ ਯੂਰਪ ਭੇਜੇ ਗਏ।
ਇਹ ਜਹਾਜ਼ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਉਡਾਣ ਭਰ ਕੇ ਸਪੇਨ, ਗ੍ਰੀਸ, ਜਰਮਨੀ, ਇਟਲੀ ਤੇ ਸਕਾਟਲੈਂਡ ਦੇ ਏਅਰਬੇਸਾਂ 'ਤੇ ਪਹੁੰਚੇ। ਇਨ੍ਹਾਂ ਜਹਾਜ਼ਾਂ ਵਿੱਚ ਕੇਸੀ-135 ਸਟ੍ਰੈਟੋਟੈਂਕਰ ਤੇ ਕੇਸੀ-46 ਪੈਗਾਸਸ ਵਰਗੇ ਜਹਾਜ਼ ਸ਼ਾਮਲ ਹਨ, ਜੋ ਹਵਾ ਵਿੱਚ ਦੂਜੇ ਜਹਾਜ਼ਾਂ ਨੂੰ ਈਂਧਨ ਭਰਨ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਕੁਝ ਵੱਡੇ ਕਾਰਗੋ ਜੈੱਟ ਵੀ ਇਨ੍ਹਾਂ ਮਿਸ਼ਨਾਂ ਵਿੱਚ ਸ਼ਾਮਲ ਸਨ।