ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਬੰਦੂਕਧਾਰੀ ਨੇ ਯਹੂਦੀਆਂ ਦੇ ਗਿਰਜਾ ਘਰ ਵਿੱਚ ਗੋਲ਼ੀਬਾਰੀ ਕੀਤੀ। ਘਟਨਾ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ 19 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਘਟਨਾ 'ਤੇ ਅਫ਼ਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪੂਰਾ ਅਮਰੀਕਾ ਪੀੜਤ ਯਹੂਦੀ ਤਬਕੇ ਨਾਲ ਖੜ੍ਹਾ ਹੈ। ਯਾਦ ਰਹੇ ਛੇ ਮਹੀਨੇ ਪਹਿਲਾਂ ਵੀ ਪੀਟਰਸਬਰਗ ਦੇ ਟ੍ਰੀ ਆਫ ਲਾਈਫ ਗਿਰਜਾ ਘਰ 'ਤੇ 13 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ। ਅਮਰੀਕਾ ਵਿੱਚ ਯਹੂਦੀ ਤਬਕੇ 'ਤੇ ਹੋਇਆ ਇਹ ਸਭ ਤੋਂ ਵੱਡਾ ਹਮਲਾ ਸੀ।

ਸੈਨ ਡਿਏਗੋ ਕਾਊਂਟੀ ਦੇ ਸ਼ੈਰਿਫ ਬਿਲ ਗੋਰ ਮੁਤਾਬਕ ਗੋਲ਼ੀਬਾਰੀ ਦੌਰਾਨ ਚਾਰ ਜਣੇ ਜ਼ਖ਼ਮੀ ਹੋਏ ਸੀ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਗੰਭੀਰ ਜ਼ਖ਼ਮੀ ਮਹਿਲਾ ਨੇ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿੱਚ ਇੱਕ ਬੱਚੀ, ਯਹੂਦੀ ਧਰਮ ਗੁਰੂ ਤੇ ਇੱਕ ਨੌਜਵਾਨ ਸ਼ਾਮਲ ਹੈ। ਹਮਲਾਵਰ ਦੇ ਸੋਸ਼ਲ ਮੀਡੀਆ ਖ਼ਾਤੇ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਸ ਨੇ ਹਮਲਾ ਕਰਨ ਤੋਂ ਪਹਿਲਾਂ ਇੱਕ ਚਿੱਠੀ ਵੀ ਪੋਸਟ ਕੀਤੀ ਸੀ।



ਦਰਅਸਲ ਹਮਲਾਵਰ ਭੱਜਣ ਦੀ ਕੋਸ਼ਿਸ਼ ਕਰਦਾ ਕਾਰ ਵਿੱਚ ਫਸ ਗਿਆ ਸੀ। ਇਸੇ ਦੌਰਾਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਏਆਰ-15 ਰਫ਼ਲ ਮਿਲੀ ਹੈ। ਇਸੇ ਬੰਦੂਕ ਨਾਲ ਉਸ ਨੇ ਲੋਕਾਂ 'ਤੇ ਗੋਲ਼ੀਆਂ ਚਲਾਈਆਂ। ਡੋਨਲਡ ਟਰੰਪ ਨੇ ਹਮਲਾਵਰ ਨੂੰ ਫੜਨ ਵਾਸਤੇ ਪੁਲਿਸ ਦੀ ਸ਼ਾਲਘਾ ਕੀਤੀ।