ਪਾਕਿਸਤਾਨ ਦੇ ਪੰਜਾਬ 'ਚ ਇੱਕ ਅਦਾਲਤ ਨੇ 22 ਸਾਲਾ ਵਿਦਿਆਰਥੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਦਕਿ ਇਕ ਹੋਰ ਨੂੰ ਈਸ਼ਨਿੰਦਾ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ 'ਤੇ ਕਥਿਤ ਤੌਰ 'ਤੇ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੀਆਂ ਪਤਨੀਆਂ ਬਾਰੇ ਅਪਮਾਨਜਨਕ ਸ਼ਬਦ ਕਹਿਣ, ਫੋਟੋਆਂ ਅਤੇ ਵੀਡੀਓ ਬਣਾਉਣ ਦਾ ਦੋਸ਼ ਹੈ। ਜਿਸ ਵਿਦਿਆਰਥੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਸ ਦੀ ਉਮਰ 22 ਸਾਲ ਹੈ, ਜਦਕਿ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਵਿਦਿਆਰਥੀ ਦੀ ਉਮਰ 17 ਸਾਲ ਹੈ। 


ਬੀਬੀਸੀ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵਿਦਿਆਰਥੀਆਂ ਨੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਉੱਤੇ ਈਸ਼ਨਿੰਦਾ ਸਮੱਗਰੀ ਸਾਂਝੀ ਕੀਤੀ ਸੀ। ਦੋਵਾਂ ਵਿਦਿਆਰਥੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਹੈ।


ਇਸ ਮਾਮਲੇ ਦੀ ਐਫਆਈਆਰ 2022 ਵਿੱਚ ਦਰਜ ਕੀਤੀ ਗਈ ਸੀ। ਲਾਹੌਰ 'ਚ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਦੀ ਸਾਈਬਰ ਕ੍ਰਾਈਮ ਯੂਨਿਟ ਵੱਲੋਂ ਦੋਵਾਂ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਤਿੰਨ ਵੱਖ-ਵੱਖ ਮੋਬਾਈਲ ਫ਼ੋਨ ਨੰਬਰਾਂ ਤੋਂ ਈਸ਼ਨਿੰਦਾ ਸਮੱਗਰੀ ਵਾਲੇ ਵੀਡੀਓ ਅਤੇ ਤਸਵੀਰਾਂ ਪ੍ਰਾਪਤ ਹੋਈਆਂ ਸਨ। ਜਾਂਚ ਏਜੰਸੀ ਨੇ ਸ਼ਿਕਾਇਤਕਰਤਾ ਦੇ ਫੋਨ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਦੋਸ਼ੀ ਦੇ ਫੋਨ ਤੋਂ "ਅਸ਼ਲੀਲ ਸਮੱਗਰੀ" ਭੇਜੀ ਗਈ ਸੀ।


22 ਸਾਲਾ ਵਿਦਿਆਰਥੀ ਦਾ ਪਿਤਾ ਹੇਠਲੀ ਅਦਾਲਤ ਵੱਲੋਂ ਆਪਣੇ ਪੁੱਤਰ ਨੂੰ ਸੁਣਾਈ ਮੌਤ ਦੀ ਸਜ਼ਾ ਖ਼ਿਲਾਫ਼ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨ ਦੀ ਤਿਆਰੀ ਕਰ ਰਿਹਾ ਹੈ। 


ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਈਸ਼ਨਿੰਦਾ ਦੀ ਸਜ਼ਾ ਮੌਤ ਹੈ। ਕੁਫ਼ਰ ਵਿਰੋਧੀ ਕਾਨੂੰਨ ਪਹਿਲੀ ਵਾਰ ਅਣਵੰਡੇ ਭਾਰਤ ਵਿੱਚ ਅੰਗਰੇਜ਼ਾਂ ਦੇ ਸਮੇਂ ਦੌਰਾਨ ਲਾਗੂ ਕੀਤਾ ਗਿਆ ਸੀ। ਬਾਅਦ ਵਿੱਚ 1980 ਦੇ ਦਹਾਕੇ ਵਿੱਚ ਪਾਕਿਸਤਾਨ ਦੀ ਫੌਜੀ ਸਰਕਾਰ ਦੇ ਅਧੀਨ ਇਸਦਾ ਵਿਸਥਾਰ ਕੀਤਾ ਗਿਆ ਸੀ।


ਇਹ ਵੀ ਪੜ੍ਹੋ-Pentagon Report on UFO: ਏਲੀਅਨ 'ਤੇ ਅਮਰੀਕਾ ਦਾ ਸਭ ਤੋਂ ਵੱਡਾ ਖੁਲਾਸਾ, 1950-60 ਵਿੱਚ ਦੇਖੇ ਗਏ UFOs ਸੀ ਅਮਰੀਕੀ ਜਹਾਜ਼