ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਕਰਵਾਉਣ ਵਿੱਚ ਅਮਰੀਕਾ ਦੀ ਭੂਮਿਕਾ ਤੋਂ ਇਨਕਾਰ ਕਰ ਦਿੱਤਾ ਹੈ। ਇਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਨੇ ਪਾਕਿਸਤਾਨ ਦੀ ਬੇਨਤੀ 'ਤੇ ਭਾਰਤ ਨਾਲ ਜੰਗਬੰਦੀ ਲਈ ਗੱਲ ਕੀਤੀ ਸੀ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ।

ਇਸਹਾਕ ਡਾਰ ਨੇ ਇੰਟਰਵਿਊ ਵਿੱਚ ਇਹ ਵੀ ਮੰਨਿਆ ਕਿ ਭਾਰਤ ਨੇ ਪਾਕਿਸਤਾਨ ਦੇ ਦੋ ਵੱਡੇ ਹਵਾਈ ਅੱਡਿਆਂ, ਨੂਰ ਖਾਨ ਅਤੇ ਸ਼ੋਰਕੋਟ 'ਤੇ ਹਮਲਾ ਕੀਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ 6-7 ਮਈ ਦੀ ਵਿਚਕਾਰਲੀ ਰਾਤ ਨੂੰ ਜਦੋਂ ਪਾਕਿਸਤਾਨ ਜਵਾਬੀ ਹਮਲੇ ਦੀ ਤਿਆਰੀ ਕਰ ਰਿਹਾ ਸੀ, ਤਾਂ ਭਾਰਤ ਨੇ ਦੁਬਾਰਾ ਹਵਾਈ ਹਮਲਾ ਕੀਤਾ ਅਤੇ ਨੂਰ ਖਾਨ-ਸ਼ੋਰਕੋਟ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ।

ਇਸਹਾਕ ਡਾਰ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਕਰਵਾਉਣ ਵਿੱਚ ਸਾਊਦੀ ਅਰਬ ਦੀ ਪਹਿਲਕਦਮੀ ਨੂੰ ਸਵੀਕਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਭਾਰਤ ਦੇ ਹਮਲਿਆਂ ਤੋਂ ਬਾਅਦ  ਸਾਊਦੀ ਅਰਬ ਦੇ ਰਾਜਕੁਮਾਰ ਨੇ ਭਾਰਤ ਨਾਲ ਫ਼ੋਨ 'ਤੇ ਗੱਲ ਕਰਨ ਦਾ ਪ੍ਰਸਤਾਵ ਰੱਖਿਆ ਸੀ  ਫਿਰ ਪਾਕਿਸਤਾਨ ਦੀ ਸਹਿਮਤੀ ਤੋਂ ਬਾਅਦ, ਸਾਊਦੀ ਅਰਬ ਨੇ ਭਾਰਤ ਨਾਲ ਗੱਲ ਕੀਤੀ।

ਇਸਹਾਕ ਡਾਰ ਨੇ ਕਿਹਾ, 'ਭਾਰਤੀ ਹਮਲਿਆਂ ਤੋਂ ਲਗਭਗ 45 ਮਿੰਟ ਬਾਅਦ, ਸਾਊਦੀ ਅਰਬ ਦੇ ਰਾਜਕੁਮਾਰ ਫੈਜ਼ਲ ਨੇ ਮੇਰੇ ਨਾਲ ਫ਼ੋਨ 'ਤੇ ਗੱਲ ਕੀਤੀ। ਪ੍ਰਿੰਸ ਨੇ ਪੁੱਛਿਆ ਕਿ, ਕੀ ਮੈਨੂੰ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲ ਕਰਨੀ ਚਾਹੀਦੀ ਹੈ? ਜੇ ਪਾਕਿਸਤਾਨ ਰੁਕਣ ਲਈ ਤਿਆਰ ਹੈ, ਤਾਂ ਭਾਰਤ ਵੀ ਰੁਕ ਸਕਦਾ ਹੈ। ਮੈਂ ਇਸ ਲਈ ਹਾਂ ਕਹਿ ਦਿੱਤੀ ਫਿਰ ਪ੍ਰਿੰਸ ਨੇ ਕੁਝ ਸਮੇਂ ਬਾਅਦ ਦੁਬਾਰਾ ਫ਼ੋਨ ਕੀਤਾ ਤੇ ਦੱਸਿਆ ਕਿ ਉਸਨੇ ਜੈਸ਼ੰਕਰ ਨੂੰ ਸਭ ਕੁਝ ਦੱਸ ਦਿੱਤਾ ਹੈ।' ਇਸ਼ਾਕ ਡਾਰ ਦੇ ਇਸ ਦਾਅਵੇ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਗੁੱਸੇ ਨੂੰ ਸ਼ਾਂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤੀ ਫੌਜ ਨੇ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਠਿਕਾਣਿਆਂ 'ਤੇ ਸਟੀਕ ਹਮਲੇ ਕਰਕੇ 100 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ, ਪਾਕਿਸਤਾਨ ਦੇ ਅਸਫਲ ਹਮਲਿਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਦਾ ਰਿਹਾ। ਬਾਅਦ ਵਿੱਚ ਪਾਕਿਸਤਾਨ ਦੀ ਬੇਨਤੀ 'ਤੇ ਜੰਗਬੰਦੀ ਹੋਈ, ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੰਤਰਰਾਸ਼ਟਰੀ ਮੰਚਾਂ ਤੋਂ ਕਈ ਵਾਰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਲਿਆਉਣ ਦਾ ਦਾਅਵਾ ਕਰਦੇ ਦੇਖਿਆ ਗਿਆ, ਜਦੋਂ ਕਿ ਭਾਰਤ ਇਸ ਤੋਂ ਇਨਕਾਰ ਕਰਦਾ ਰਿਹਾ।

ਹੁਣ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਵੀ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਅਮਰੀਕਾ ਦੀ ਵਿਚੋਲੇ ਵਜੋਂ ਭੂਮਿਕਾ ਤੋਂ ਇਨਕਾਰ ਕੀਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਸਾਊਦੀ ਅਰਬ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਲਈ ਅੱਗੇ ਆਇਆ ਸੀ।