ਪਾਕਿਸਤਾਨ ਇਸ ਸਮੇਂ ਗੰਭੀਰ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ। ਪਾਕਿਸਤਾਨ ਦੇ ਸੱਤ ਸ਼ਹਿਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ। ਹਵਾ ਪ੍ਰਦੂਸ਼ਣ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਪਾਕਿਸਤਾਨ ਵਿੱਚ ਪੰਜਾਬ ਸਰਕਾਰ ਨੇ ਖਤਰਨਾਕ ਧੂੰਏਂ ਦੇ ਪੱਧਰ ਕਾਰਨ ਕਈ ਜ਼ਿਲ੍ਹਿਆਂ ਵਿੱਚ ਮਨੋਰੰਜਨ ਪਾਰਕ, ਅਜਾਇਬ ਘਰ ਤੇ ਸਕੂਲ 17 ਨਵੰਬਰ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਏਆਰਵਾਈ ਨਿਊਜ਼ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਇਹ ਹੁਕਮ ਲਾਹੌਰ, ਗੁਜਰਾਂਵਾਲਾ, ਫੈਸਲਾਬਾਦ, ਮੁਲਤਾਨ, ਸ਼ੇਖੂਪੁਰਾ, ਕਸੂਰ, ਨਨਕਾਣਾ ਸਾਹਿਬ, ਗੁਜਰਾਤ, ਹਾਫਿਜ਼ਾਬਾਦ, ਮੰਡੀ ਬਹਾਉਦੀਨ, ਸਿਆਲਕੋਟ, ਨਾਰੋਵਾਲ, ਚਿਨਿਓਟ, ਝੰਗ ਤੇ ਟੋਬਾ ਟੇਕ ਸਿੰਘ ਦੇ ਨਾਲ-ਨਾਲ ਲੋਧਰਾਂ ਵਰਗੇ ਜ਼ਿਲ੍ਹਿਆਂ ਨੂੰ ਪ੍ਰਭਾਵਤ ਕਰੇਗਾ। ਇਸ ਤੋਂ ਇਲਾਵਾ ਵੇਹੜੀ ਅਤੇ ਖਾਨੇਵਾਲ ਵਿੱਚ ਮਨੋਰੰਜਨ ਪਾਰਕ, ਅਜਾਇਬ ਘਰ ਅਤੇ ਸਕੂਲ ਵੀ ਧੂੰਏ ਕਾਰਨ ਬੰਦ ਰਹਿਣਗੇ।
ਦੱਖਣੀ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਮੁਲਤਾਨ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਦਰਮਿਆਨ 2,135 ਦਰਜ ਕੀਤਾ ਗਿਆ। IQAir ਦੇ ਅਨੁਸਾਰ, PM 2.5 (ਹਵਾ ਵਿੱਚ ਮੌਜੂਦ ਬਾਰੀਕ ਕਣ, ਜੋ ਸਿਹਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ) ਦੀ ਗਾੜ੍ਹਾਪਣ 947 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ, ਜੋ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਤੋਂ 189.4 ਗੁਣਾ ਵੱਧ ਹੈ।
ਡਾਨ ਦੀ ਰਿਪੋਰਟ ਦੇ ਅਨੁਸਾਰ, ਮੁਲਤਾਨ ਵਿੱਚ AQI ਰਾਤ 10 ਵਜੇ ਤੱਕ 980 ਤੱਕ ਪਹੁੰਚ ਗਿਆ, ਜੋ ਕਿ 300 ਦੇ ਖਤਰਨਾਕ ਨਿਸ਼ਾਨ ਤੋਂ ਘੱਟ ਤੋਂ ਘੱਟ ਤਿੰਨ ਗੁਣਾ ਵੱਧ ਸੀ। ਪੰਜਾਬ ਦੇ ਸਿੱਖਿਆ ਵਿਭਾਗ ਨੇ ਟਿਊਸ਼ਨ ਸੈਂਟਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜੀਓ ਨਿਊਜ਼ ਦੇ ਅਨੁਸਾਰ, ਸਰਕਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਉੱਚ ਸੈਕੰਡਰੀ ਪੱਧਰ ਤੱਕ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ 17 ਨਵੰਬਰ ਤੱਕ ਬੰਦ ਰਹਿਣਗੇ।
ਖ਼ਤਰਨਾਕ ਧੂੰਏਂ ਕਾਰਨ ਇਸ ਦਾ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਲੋਕਾਂ ਲਈ ਰੋਜ਼ਾਨਾ ਦੇ ਕੰਮ ਕਰਨੇ ਔਖੇ ਹੁੰਦੇ ਜਾ ਰਹੇ ਹਨ। ਡਾਕਟਰਾਂ ਨੇ ਲੋਕਾਂ ਨੂੰ ਖਤਰਨਾਕ ਹਵਾ ਦੇ ਸੰਪਰਕ ਵਿੱਚ ਆਉਣ ਤੋਂ ਬਚਣ ਲਈ ਕਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣ ਲਈ ਕਿਹਾ ਗਿਆ ਹੈ।