ਸਾਵਧਾਨ! ਪਾਕਿਸਤਾਨ ਦੇ ਬੰਟੀ-ਬਬਲੀ ਦੀਆਂ ਨਜ਼ਰਾਂ ਤੁਹਾਡੇ ਕ੍ਰੈਡਿਟ ਕਾਰਡ ’ਤੇ ਹੀ ਹਨ। ਭੁੱਲ ਕੇ ਵੀ ਕਦੇ ਕਿਸੇ ਈਮੇਲ ਸੁਨੇਹੇ ਰਾਹੀਂ ਆਏ ਲੁਭਾਵਣੇ ਡਿਵਾਈਸ ਪਰਚੇਜ਼ ਦੇ ਲਾਲਚ ਵਿੱਚ ਨਾ ਆਉਣਾ, ਨਹੀਂ ਤਾਂ ਤੁਹਾਡਾ ਬੈਂਕ ਖਾਤਾ ਵੀ ਖ਼ਾਲੀ ਹੋ ਜਾਵੇਗਾ। ਪਾਕਿਸਤਾਨ ਦੀ ਇੱਕ ਵੱਡੀ ਹਸਤੀ ਆਪਣੇ ਬੰਟੀ-ਬਬਲੀ ਦਾ ਸਾਥ ਦੇ ਰਹੀ ਹੈ ਤੇ ਪਾਕਿਸਤਾਨੀ ਇੰਟਰਪੋਲ ਜਾਣਬੁੱਝ ਕੇ ਮੂਕ ਦਰਸ਼ਕ ਬਣਿਆ ਬੈਠਾ ਹੈ।


ਸੀਬੀਆਈ ਦੇ ਬੁਲਾਰੇ ਆਰ.ਸੀ. ਜੋਸ਼ੀ ਅਨੁਸਾਰ ਸੀਬੀਆਈ ਇੰਟਰਪੋਲ ਨੇ ਅਜਿਹਾ ਅਲਰਟ ਜਾਰੀ ਕੀਤਾ ਹੈ, ਜਿਸ ਨੂੰ ਕਤਰ ਇੰਟਰਪੋਲ ਵੱਲੋਂ ਜਾਰੀ ਇੰਟਰਪੋਲ ਅਲਰਟ ਦੇ ਆਧਾਰ ਉੱਤੇ ਜਾਰੀ ਕੀਤਾ ਗਿਆ ਹੈ।


ਕਤਰ ਇੰਟਰਪੋਲ ਸਾਹਮਣੇ ਅਨੇਕ ਅਜਿਹੇ ਕੇਸ ਸਾਹਮਣੇ ਆਏ, ਜਿਨ੍ਹਾਂ ਤੋਂ ਪਤਾ ਲੱਗਾ ਕਿ ਲੋਕਾਂ ਕੋਲ ਪਹਿਲਾਂ ਡਿਵਾਈਸ ਖ਼ਰੀਦਣ ਨਾਲ ਸਬੰਧਤ ਇੱਕ ਦਿਲ-ਖਿੱਚਵਾਂ ਈਮੇਲ ਸੁਨੇਹਾ ਆਉਂਦਾ ਹੈ; ਜਿਸ ਵਿੱਚ ਲਾਲਚ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਰਾਤੋਂ–ਰਾਤ ਲੱਖਾਂ ਦਾ ਫ਼ਾਇਦਾ ਹੋ ਜਾਵੇਗਾ। ਫਿਰ ਲੋਕਾਂ ਨੇ ਆਪਣੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਉਸ ਮੇਲ ਉੱਤੇ ਸਾਂਝੀ ਕਰ ਦਿੱਤੀ ਤੇ ਕੁਝ ਹੀ ਘੰਟਿਆਂ ਅੰਦਰ ਕਾਰਡ ਦੀ ਸਾਰੀ ਲਿਮਿਟ ਤੱਕ ਦੀ ਰਕਮ ਨਿੱਕਲ ਗਈ।


ਜਦੋਂ ਸ਼ਿਕਾਇਤਕਰਤਾਵਾਂ ਦੀ ਗਿਣਤੀ ਬਹੁਤ ਵਧ ਗਈ, ਤਾਂ ਕਤਰ ਜਾਂਚ ਏਜੰਸੀਆਂ ਨੇ ਜਾਂਚ ਕੀਤੀ। ਤਦ ਪਤਾ ਲੱਗਿਆ ਕਿ ਇਸ ਗੜਬੜ ਘੁਟਾਲੇ ਪਿੱਛੇ ਪਾਕਿਸਤਾਨ ਦੀ ਇੱਕ ਬੰਟੀ-ਬਬਲੀ ਜੋੜੀ ਸ਼ਾਮਲ ਹੈ।.


ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਦਾ ਇੱਕ ਵੱਡਾ ਵਿਅਕਤੀ ਕ੍ਰੈਡਿਟ ਕਾਰਡ ਰਾਹੀਂ ਜੋ ਸਾਮਾਨ ਖ਼ਰੀਦਿਆ ਜਾਂਦਾ ਹੈ, ਉਸ ਨੂੰ ਸਸਤੇ ਭਾਅ ਵਿਕਾਉਣ ਦਾ ਕੰਮ ਕਰਦਾ ਹੈ ਤੇ ਬਦਲੇ ’ਚ ਆਪਣਾ 25% ਕਮਿਸ਼ਨ ਵਸੂਲਦਾ ਹੈ। ਹਾਲੇ ਤੱਕ ਪਾਕਿ ਬੰਟੀ ਤੇ ਬਬਲੀ ਦੀ ਕੋਈ ਸੂਹ ਨਹੀਂ ਮਿਲ ਸਕੀ ਹੈ।