Pakistan Inflation: ਮਹਿੰਗਾਈ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਬੇਸ਼ੱਕ ਭਾਰਤ ਵਿੱਚ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਤਾਂ ਮਹਿੰਗਾਈ ਸਾਰੇ ਰਿਕਾਰਡ ਤੋੜ ਰਹੀ ਹੈ। ਪਾਕਿਸਤਾਨ ਵਿੱਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇੱਥੋਂ ਤੱਕ ਕਿ ਦੁੱਧ ਵਰਗੀਆਂ ਰੋਜ਼ਾਨਾ ਜ਼ਰੂਰੀ ਵਸਤੂਆਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ।


ਕਰਾਚੀ 'ਚ ਦੁੱਧ ਦੀ ਕੀਮਤ ਕਿੰਨੀ?
ਮਾੜੀ ਆਰਥਿਕ ਸਥਿਤੀ ਨਾਲ ਜੂਝ ਰਹੇ ਪਾਕਿਸਤਾਨ ਦੇ ਕਰਾਚੀ 'ਚ ਸ਼ਹਿਰ ਦੇ ਕਮਿਸ਼ਨਰ ਵੱਲੋਂ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀਆਂ ਮੰਗਾਂ ਮੰਨਣ ਤੇ ਵਾਧੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦੁੱਧ ਦੀ ਕੀਮਤ 'ਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਕਰਾਚੀ ਵਿੱਚ ਹੁਣ 210 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਵਿਕ ਰਿਹਾ ਹੈ। 


ਹਾਸਲ ਜਾਣਕਾਰੀ ਮੁਤਾਬਕ ਕਰਾਚੀ ਦੇ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਦੁੱਧ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਪਰ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਰਾਚੀ ਵਿੱਚ ਮਹਿੰਗਾਈ ਦੇ ਬੋਝ ਹੇਠ ਦੱਬੇ ਨਾਗਰਿਕਾਂ ਨੂੰ ਦੁੱਧ 50 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਣ ਦਾ ਡਰ ਸੀ।



ਇਕਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਕਰਾਚੀ ਵਿੱਚ ਡੇਅਰੀ ਫਾਰਮਰਜ਼ ਦੇ ਪ੍ਰਧਾਨ ਮੁਬਾਸ਼ੇਰ ਕਾਦਿਰ ਅੱਬਾਸੀ ਨੇ ਸੰਕੇਤ ਦਿੱਤਾ ਹੈ ਕਿ ਜਲਦੀ ਹੀ ਕਰਾਚੀ ਦੇ ਲੋਕਾਂ ਲਈ ਦੁੱਧ ਦੀ ਕੀਮਤ ਵਿੱਚ 50 ਪੀਕੇਆਰ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਅੱਬਾਸੀ ਦਾ ਕਹਿਣਾ ਹੈ ਕਿ ਦੁੱਧ ਉਤਪਾਦਨ ਦੀ ਵੱਧ ਲਾਗਤ, ਪਸ਼ੂਆਂ ਦੀਆਂ ਵਧਦੀਆਂ ਕੀਮਤਾਂ ਤੇ ਸਰਕਾਰੀ ਲਾਪ੍ਰਵਾਹੀ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਦੇਖਿਆ ਜਾ ਰਿਹਾ ਹੈ। 


ਅੱਬਾਸੀ ਨੇ ਕਿਹਾ ਕਿ ਜੇਕਰ ਸਬੰਧਤ ਅਧਿਕਾਰੀ 10 ਮਈ ਤੱਕ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਨਹੀਂ ਕਰਦੇ ਤਾਂ ਸਟੇਕਹੋਲਡਰ ਇਸ ਮਾਮਲੇ ਨੂੰ ਆਪਣੇ ਧਿਆਨ ਵਿੱਚ ਲੈਣਗੇ ਤੇ ਸਹਿਮਤੀ ਤੋਂ ਬਾਅਦ ਕੀਮਤਾਂ ਵਿੱਚ ਵਾਧਾ ਕਰਨਗੇ। ਹਾਲ ਹੀ ਵਿੱਚ ਸੰਵੇਦਨਸ਼ੀਲ ਕੀਮਤ ਸੂਚਕਾਂਕ ਜਾਂ (ਐਸਪੀਆਈ) ਨੇ ਪਾਕਿਸਤਾਨ ਵਿੱਚ ਹਰ ਹਫ਼ਤੇ ਜਾਰੀ ਕੀਤੀ ਮਹਿੰਗਾਈ ਦਰ ਦਾ ਅਨੁਮਾਨ ਲਗਾਇਆ ਹੈ। ਪਤਾ ਲੱਗਾ ਹੈ ਕਿ 2 ਮਈ ਨੂੰ ਖਤਮ ਹੋਏ ਹਫਤੇ 'ਚ ਮਹਿੰਗਾਈ ਦਰ 'ਚ ਇੱਕ ਫੀਸਦੀ ਦੀ ਕਮੀ ਆਈ ਹੈ।