Pakistan Mob Lynching: ਪਾਕਿਸਤਾਨ 'ਚ ਧਰਮ ਦੇ ਨਾਂਅ 'ਤੇ ਅਰਾਜਕਤਾ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ੱਕੀ ਵਿਅਕਤੀ ਨੂੰ ਭੀੜ ਨੇ ਥਾਣੇ ਤੋਂ ਬਾਹਰ ਕੱਢ ਕੇ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲੇ ਦੇ ਮਦਿਆਨ ਇਲਾਕੇ 'ਚ ਵਾਪਰੀ। ਸਵਾਤ ਜ਼ਿਲ੍ਹੇ ਦੇ ਡੀਪੀਓ ਡਾਕਟਰ ਜ਼ਾਹਿਦੁੱਲਾ ਖ਼ਾਨ ਨੇ ਦੱਸਿਆ ਕਿ ਇਸ ਹੰਗਾਮੇ ਵਿੱਚ 8 ਲੋਕ ਜ਼ਖ਼ਮੀ ਵੀ ਹੋਏ ਹਨ। ਉਸ ਨੇ ਦੱਸਿਆ ਕਿ ਕੁਰਾਨ ਸ਼ਰੀਫ ਦੇ ਕਥਿਤ ਅਪਮਾਨ ਦੇ ਮਾਮਲੇ 'ਚ ਪੁਲਿਸ ਨੇ ਦੋਸ਼ੀ ਨੂੰ ਭੀੜ ਤੋਂ ਬਚਾ ਕੇ ਥਾਣੇ ਲੈ ਗਈ ਸੀ ਪਰ ਭੀੜ ਨੇ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ ਸ਼ੱਕੀ ਨੂੰ ਆਪਣੇ ਨਾਲ ਲੈ ਗਈ।


ਡੀਪੀਓ ਨੇ ਦੱਸਿਆ ਕਿ ਭੀੜ ਨੇ ਥਾਣੇ ਤੇ ਥਾਣੇ ਵਿੱਚ ਖੜੀਆਂ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਤੋਂ ਇਲਾਵਾ ਕਥਿਤ ਦੋਸ਼ੀ ਨੂੰ ਵੀ ਅੱਗ ਲਗਾ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਅਜੇ ਤੱਕ ਪੂਰਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਪਈ ਲਾਸ਼ ਨੂੰ ਭੀੜ ਨੇ ਅੱਗ ਲਗਾ ਦਿੱਤੀ। ਦੋਸ਼ੀ ਨੂੰ ਅੱਗ ਲਗਾਉਣ ਤੋਂ ਬਾਅਦ ਭੀੜ ਆਲੇ-ਦੁਆਲੇ ਖੜ੍ਹੀ ਹੋ ਕੇ ਜਸ਼ਨ ਮਨਾ ਰਹੀ ਹੈ। ਇੱਕ ਹੋਰ ਵੀਡੀਓ ਵਿੱਚ ਪੁਲਿਸ ਥਾਣੇ ਦੇ ਬਾਹਰ ਭੀੜ ਹੰਗਾਮਾ ਕਰਦੀ ਨਜ਼ਰ ਆ ਰਹੀ ਹੈ।






ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਦਯਾਨ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਦਯਾਨ ਸਵਾਤ ਘਾਟੀ ਦਾ ਇੱਕ ਮਸ਼ਹੂਰ ਸੈਲਾਨੀ ਸਥਾਨ ਹੈ। ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਨੇ ਇੱਕ ਪੋਸਟ ਵਿੱਚ ਕਿਹਾ ਕਿ ਕੇਪੀ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਇਸ ਮਾਮਲੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਸੂਬੇ ਦੀ ਪੁਲਿਸ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਰਿਪੋਰਟ ਤਲਬ ਕਰਦੇ ਹੋਏ ਪੁਲਿਸ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਹਰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।


ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਇਸ ਘਟਨਾ ਨੂੰ ਲੈ ਕੇ ਆਪਣੇ ਐਕਸ ਹੈਂਡਲ 'ਤੇ ਲਿਖਿਆ, 'ਪਾਗਲਪਨ ਜਾਰੀ ਹੈ, ਸਮਾਜ ਦੇ ਤੌਰ 'ਤੇ ਅਸੀਂ ਖੁਦਕੁਸ਼ੀ ਕਰਨ 'ਤੇ ਤੁਲੇ ਹੋਏ ਹਾਂ।' ਪਾਕਿਸਤਾਨ ਵਿੱਚ ਕੱਟੜਪੰਥੀ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਜਨਰਲ ਜ਼ਿਆਉਲ ਹੱਕ ਨੇ ਈਸ਼ਨਿੰਦਾ ਲਈ ਮੌਤ ਦੀ ਸਜ਼ਾ ਸੁਣਾਈ ਸੀ, ਉਦੋਂ ਤੋਂ ਪਾਕਿਸਤਾਨ ਵਿੱਚ ਗੈਰ-ਮੁਸਲਮਾਨਾਂ ਵਿਰੁੱਧ ਹਿੰਸਾ ਤੇਜ਼ੀ ਨਾਲ ਵਧੀ ਹੈ। ਪਾਕਿਸਤਾਨ ਵਿੱਚ 1987 ਵਿੱਚ ਈਸ਼ਨਿੰਦਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਲਗਾਤਾਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ।