ਟਰਾਂਟੋ: ਕੈਨੇਡਾ 'ਚ ਇੱਕ ਮੁਸਲਮਾਨ ਪਰਿਵਾਰ ਨੂੰ ਟਰੱਕ ਨਾਲ ਦਰੜਨ ਦੇ ਕੁਝ ਹਫ਼ਤੇ ਬਾਅਦ 'ਨਫ਼ਰਤੀ ਅਪਰਾਧ' ਵਾਲੀ ਘਟਨਾ ਇੱਕ ਵਾਰ ਫਿਰ ਸਾਹਮਣੇ ਆਈ ਹੈ। ਇਸ ਵਾਰ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਚਾਕੂ ਨਾਲ ਹਮਲਾ ਕੀਤਾ ਹੈ।


ਕੈਨੇਡੀਅਨ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਸਸਕੈਚਨ ਸੂਬੇ ਦੇ ਸੈਸਕਾਟੂਨ ਸ਼ਹਿਰ 'ਚ ਵਾਪਰੀ ਜਿਸ ਸ਼ਖ਼ਸ 'ਤੇ ਹਮਲਾ ਹੋਇਆ, ਉਸ ਦੀ ਪਛਾਣ 32 ਸਾਲਾ ਮੁਹੰਮਦ ਕਾਸ਼ਿਫ਼ ਵਜੋਂ ਹੋਈ ਹੈ। ਮੁਹੰਮਦ ਕਸ਼ਿਫ਼ ਨੇ ਰਵਾਇਤੀ ਇਸਲਾਮੀ ਪਹਿਰਾਵਾ ਪਾਇਆ ਹੋਇਆ ਸੀ। ਪਾਕਿਸਤਾਨੀ ਮੂਲ ਦਾ ਕਾਸ਼ਿਫ਼ ਸ਼ੁੱਕਰਵਾਰ ਸ਼ਾਮ ਨੂੰ ਘਰ ਪਰਤ ਰਿਹਾ ਸੀ ਜਦੋਂ ਉਸ 'ਤੇ ਹਮਲਾ ਕੀਤਾ ਗਿਆ।


ਸਟਾਰਫ਼ੀਨਿਕਸ ਡੇਲੀ ਰਿਪੋਰਟ ਅਨੁਸਾਰ ਕਾਸ਼ਿਫ਼ ਨੇ ਦੱਸਿਆ ਕਿ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਪਿੱਠ ਪਿੱਛਿਓਂ ਹਮਲਾ ਕਰ ਦਿੱਤਾ। ਉਸ ਸਮੇਂ ਹਮਲਾਵਰ ਚੀਕ ਰਹੇ ਸਨ- "ਤੁਸੀਂ ਇਹ ਪਹਿਰਾਵਾ ਕਿਉਂ ਪਾਇਆ ਹੈ? ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਮੈਨੂੰ ਮੁਸਲਮਾਨਾਂ ਨਾਲ ਨਫ਼ਰਤ ਹੈ।"


ਹਮਲਾਵਰਾਂ ਨੇ ਕਾਸ਼ਿਫ਼ ਦੀ ਦਾੜ੍ਹੀ ਦਾ ਕੁਝ ਹਿੱਸਾ ਵੀ ਕੱਟ ਦਿੱਤਾ। ਨਾਲ ਹੀ ਉਹ ਕਹਿ ਰਹੇ ਸਨ ਕਿ ਤੁਸੀਂ ਇਸ ਦਾੜ੍ਹੀ ਨੂੰ ਕਿਉਂ ਰੱਖਿਆ ਹੋਇਆ ਹੈ? ਕਾਸ਼ਿਫ਼ ਦੀ ਬਾਂਹ 'ਤੇ ਚਾਕੂ ਨਾਲ ਵਾਰ ਕੀਤਾ ਗਿਆ, ਜਿਸ ਕਾਰਨ 14 ਟਾਂਕੇ ਲਾਉਣੇ ਪਏ। ਕਾਸ਼ਿਫ਼ ਦਾ ਕਹਿਣਾ ਹੈ ਕਿ ਇੱਕ ਤੀਜਾ ਵਿਅਕਤੀ ਵੀ ਸ਼ਾਇਦ ਇਨ੍ਹਾਂ ਦੋ ਹਮਲਾਵਰਾਂ ਦੇ ਨਾਲ ਸੀ ਅਤੇ ਨੇੜੇ ਖੜੀ ਇਕ ਹਰੇ ਰੰਗ ਦੀ ਕਾਰ 'ਚ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਪੁਲਿਸ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਸਸਕੈਚਨ ਦੇ ਮੇਅਰ ਚਾਰਲੀ ਕਲਾਰਕ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਇਸ ਘਟਨਾ ਤੋਂ ਹੈਰਾਨ ਅਤੇ ਦੁਖੀ ਹਾਂ। ਅਜਿਹੇ ਗਰੁੱਪ, ਜੋ ਵ੍ਹਾਈਟ ਸੁਪ੍ਰੀਮੇਸੀ, ਇਸਲਾਮੋਫੋਬੀਆ ਤੇ ਵਿਤਕਰੇ ਨਾਲ ਜੁੜੇ ਕਿਸੇ ਵੀ ਚੀਜ਼ ਨੂੰ ਫੈਲਾ ਰਹੇ ਹਨ, ਉਨ੍ਹਾਂ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸਾਨੂੰ ਨਸਲਵਾਦ ਤੇ ਪੱਖਪਾਤ ਦੀਆਂ ਅਜਿਹੀਆਂ ਹਰਕਤਾਂ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ।


ਕਾਸ਼ਿਫ਼ 20 ਸਾਲ ਪਹਿਲਾਂ ਪਾਕਿਸਤਾਨ ਤੋਂ ਕੈਨੇਡਾ ਆਇਆ ਸੀ। ਕਾਸ਼ਿਫ਼ ਦੇ ਅਨੁਸਾਰ ਉਸ ਨੂੰ ਆਪਣੀ ਪਤਨੀ ਤੇ ਤਿੰਨ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਹੈ, ਜਿਨ੍ਹਾਂ ਦੀ ਉਮਰ 3 ਤੋਂ 8 ਸਾਲ ਦੇ ਵਿਚਕਾਰ ਹੈ।


ਦੱਸ ਦੇਈਏ ਕਿ 6 ਜੂਨ 2021 ਨੂੰ ਓਨਟਾਰੀਓ ਦੇ ਲੰਡਨ ਸ਼ਹਿਰ 'ਚ ਇਕ 20 ਸਾਲਾ ਵਿਅਕਤੀ ਨੇ ਪਾਕਿਸਤਾਨੀ ਮੂਲ ਦੇ ਇਕ ਪਰਿਵਾਰ ਉੱਤੇ ਟਰੱਕ ਚਾੜ੍ਹ ਦਿੱਤਾ ਸੀ। ਇਸ 'ਚ 4 ਲੋਕਾਂ ਦੀ ਮੌਤ ਹੋ ਗਈ ਸੀ ਤੇ 9 ਸਾਲਾ ਲੜਕੇ ਨੂੰ ਗੰਭੀਰ ਹਾਲਤ 'ਚ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਸੀ। ਪੁਲਿਸ ਨੇ ਉਸ ਘਟਨਾ ਪਿੱਛੇ ਨਫ਼ਰਤ ਭਰੀ ਸੋਚ ਨੂੰ ਦੋਸ਼ੀ ਠਹਿਰਾਇਆ ਸੀ। ਇਹ ਵੀ ਕਿਹਾ ਗਿਆ ਸੀ ਕਿ ਮੁਲਜ਼ਮਾਂ ਨੇ ਉਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਸੀ।


ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸਲਾਮਫੋਬੀਆ ਦੀ ਸਮਾਜ 'ਚ ਕੋਈ ਸਥਾਨ ਨਹੀਂ।


ਇਹ ਵੀ ਪੜ੍ਹੋ: Modi Meeting: ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ, ਪੀਐਮ ਮੋਦੀ ਕਰ ਸਕਦੇ ਕਈ ਅਹਿਮ ਮੁੱਦਿਆਂ ਦੀ ਸਮੀਖਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904