ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਦੀ ਨਵੀਂ ਪਹਿਲ
ਏਬੀਪੀ ਸਾਂਝਾ | 21 Jan 2019 07:07 PM (IST)
ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਵਾਲੇ ਪਾਸਿਓਂ ਜੰਗੀ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਅੱਜ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਕਰਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤੀ ਵਫਦ ਨੂੰ ਇਸਲਾਮਾਬਾਦ ਭੇਜਣ ਲਈ ਕਿਹਾ ਹੈ। ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਲਾਂਘੇ ਦੇ ਪ੍ਰੋਜੈਕਟਾਂ ਲਈ ਭਾਰਤ ਵੱਲੋਂ ਇੱਕ ਫੋਕਲ ਪਰਸਨ ਨਿਯੁਕਤ ਕਰਨ ਦੀ ਵੀ ਮੰਗ ਰੱਖੀ ਹੈ। ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਾਂਘੇ ਦੇ ਕੰਮਾਂ ਲਈ ਡਾਇਰੈਕਟਰ ਜਨਰਲ ਪੱਧਰ ਦਾ ਅਧਿਕਾਰੀ ਫੋਕਲ ਪਰਸਨ ਵਜੋਂ ਤਾਇਨਾਤ ਕੀਤਾ ਗਿਆ ਹੈ। ਭਾਰਤ ਨੂੰ ਵੀ ਉਨ੍ਹਾਂ ਕਿਸੇ ਅਧਿਕਾਰੀ ਨੂੰ ਫੋਕਲ ਪਰਸਨ ਥਾਪਣ ਦੀ ਅਪੀਲ ਕੀਤੀ ਹੈ। ਯਾਦ ਰਹੇ ਕਿ 28 ਨਵੰਬਰ ਨੂੰ ਪਾਕਿਸਤਾਨੀ ਪੀਐਮ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਵੱਲੋਂ ਤਾਂ ਲਾਂਘੇ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਭਾਰਤ ਵਾਲੇ ਪਾਸੇ ਫਿਲਹਾਲ ਲਾਂਘੇ ਨੂੰ ਲੈ ਕੇ ਕ੍ਰੈਡਿਟ ਵਾਰ ਤੇ ਫੰਡਾਂ ਦੀ ਸਿਆਸਤ ਹੀ ਹੋ ਰਹੀ ਹੈ।