Pakistan: ਪਾਕਿਸਤਾਨ ਵਿੱਚ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ। ਬਗੀਆਂ ਦੇ ਹਮਲਿਆਂ ਨੇ ਸੁਰੱਖਿਆ ਪ੍ਰਣਾਲੀ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ, ਪਿਛਲੇ 48 ਘੰਟਿਆਂ ਵਿੱਚ ਦੇਸ਼ ਭਰ ਵਿੱਚ 57 ਹਮਲੇ ਹੋ ਚੁੱਕੇ ਹਨ, ਜਿਸ ਵਿੱਚ ਬਲੋਚਿਸਤਾਨ ਵਿੱਚ ਹੋਇਆ ਟਰੇਨ ਹਾਈਜੈਕ ਸ਼ਾਮਲ ਨਹੀਂ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਮਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਅਤੇ ਬਲੋਚ ਲਿਬਰੇਸ਼ਨ ਆਰਮੀ (BLA) ਵੱਲੋਂ ਕੀਤੇ ਗਏ ਹਨ।
ਧਮਾਕਿਆਂ ਨੇ ਪਾਕਿਸਤਾਨ ਨੂੰ ਝੰਜੋੜ ਕੇ ਰੱਖ ਦਿੱਤਾ
ਸਨਾਈਪਰ ਗੋਲੀਬਾਰੀ, ਗ੍ਰੇਨੇਡ ਹਮਲੇ ਅਤੇ IED ਧਮਾਕਿਆਂ ਰਾਹੀਂ ਬਗੀਆਂ ਨੇ ਪਾਕਿਸਤਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 46 ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ, BLA ਦੇ ਦਾਅਵੇ ਮੁਤਾਬਕ ਇਹ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ।
ਪਾਕਿਸਤਾਨ ਦੀ ਫੌਜੀ ਕਾਫਲੇ 'ਤੇ ਹੋਇਆ ਹਮਲਾ
ਪਾਕਿਸਤਾਨ ਦੇ ਕਵੇਟਾ ਤੋਂ ਤਾਫਤਾਨ ਵੱਲ ਜਾ ਰਹੇ ਫੌਜੀ ਕਾਫਲੇ 'ਤੇ ਐਤਵਾਰ ਨੂੰ ਬਗੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 7 ਫੌਜੀਆਂ ਦੀ ਮੌਤ ਹੋ ਗਈ, ਜਦਕਿ ਹੋਰ 21 ਜ਼ਖਮੀ ਹੋ ਗਏ ਹਨ। ਹਾਲਾਂਕਿ, ਬਲੋਚ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ 90 ਪਾਕਿਸਤਾਨੀ ਫੌਜੀ ਮਾਰੇ ਗਏ ਹਨ। BLA ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਯੋਜਨਾਵਧ ਕਾਰਵਾਈ ਸੀ। ਇਹ ਹਮਲਾ ਕਵੇਟਾ ਤੋਂ 150 ਕਿਲੋਮੀਟਰ ਦੂਰ ਨੋਸ਼ਕੀ ਇਲਾਕੇ ਵਿੱਚ ਹੋਇਆ। ਘਟਨਾ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਇਲਾਕੇ 'ਚ ਹੈਲੀਕਾਪਟਰ ਤੇ ਡਰੋਨ ਤਾਇਨਾਤ ਕਰ ਦਿੱਤੇ ਹਨ।
9 ਜਵਾਨ ਜ਼ਖਮੀ
ਫੌਜੀ ਕਾਫਲੇ 'ਤੇ ਹੋਏ ਆਤੰਕੀ ਹਮਲੇ ਤੋਂ ਬਾਅਦ ਇੱਕ ਹੋਰ ਆਤੰਕੀ ਹਮਲਾ ਸਾਹਮਣੇ ਆਇਆ ਹੈ। ਇਹ ਹਮਲਾ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਸਥਿਤ ਗਰਿਗਲ ਬਾਰਡਰ ਪੋਸਟ 'ਤੇ ਹੋਇਆ। ਮਿਲੀ ਜਾਣਕਾਰੀ ਮੁਤਾਬਕ, ਇਸ ਹਮਲੇ ਵਿੱਚ ਫਰੰਟੀਅਰ ਕੌਰਪਸ ਬਾਜੌਰ ਸਕਾਊਟਸ ਦੇ 9 ਜਵਾਨ ਜ਼ਖਮੀ ਹੋਏ ਹਨ।
ਟਰੇਨ ਨੂੰ ਕੀਤਾ ਗਿਆ ਸੀ ਹਾਈਜੈਕ
ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਮਾਰਚ ਨੂੰ BLA ਵੱਲੋਂ ਇੱਕ ਟਰੇਨ ਨੂੰ ਹਾਈਜੈਕ ਕਰ ਲਿਆ ਗਿਆ ਸੀ। ਘੰਟਿਆਂ ਤੱਕ ਪਾਕਿਸਤਾਨੀ ਫੌਜ ਅਤੇ ਬਲੋਚ ਬਗਾਵਤੀਆਂ ਵਿਚਕਾਰ ਭਾਰੀ ਗੋਲੀਬਾਰੀ ਹੋਈ। ਇਸ ਹਮਲੇ ਨੂੰ ਲੈ ਕੇ ਪਾਕਿਸਤਾਨ ਅਤੇ ਬਲੋਚ ਬਗੀਆਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਪਾਕਿਸਤਾਨੀ ਫੌਜ ਮੁਤਾਬਕ, ਇਸ ਹਮਲੇ ਵਿੱਚ 31 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ 18 ਫੌਜੀ ਸ਼ਾਮਲ ਸਨ। ਪਾਕਿਸਤਾਨ ਵਿੱਚ ਲਗਾਤਾਰ ਹੋ ਰਹੇ ਇਨ੍ਹਾਂ ਆਤੰਕੀ ਹਮਲਿਆਂ ਕਾਰਨ ਦੇਸ਼ ਨੂੰ ਆਰਥਿਕ ਪੱਧਰ 'ਤੇ ਵੀ ਗੰਭੀਰ ਨੁਕਸਾਨ ਝੱਲਣਾ ਪੈ ਰਿਹਾ ਹੈ।