Henley Index 2025: ਦੁਨੀਆ ਭਰ ਦੇ ਦੇਸ਼ਾਂ ਦੇ ਪਾਸਪੋਰਟ ਦੀ ਨਵੀਂ ਰੈਂਕਿੰਗ ਜਾਰੀ ਹੋ ਚੁੱਕੀ ਹੈ। ਇਸ ਮੁਤਾਬਕ ਭਾਰਤ ਦਾ ਪਾਸਪੋਰਟ ਹੁਣ ਦੁਨੀਆ ਵਿੱਚ 77ਵੇਂ ਸਥਾਨ 'ਤੇ ਹੈ। ਜਦਕਿ ਪਹਿਲੇ ਨੰਬਰ 'ਤੇ ਏਸ਼ੀਆ ਦਾ ਹੀ ਦੇਸ਼ ਸਿੰਗਾਪੁਰ ਹੈ ਅਤੇ ਦੂਜੇ ਸਥਾਨ 'ਤੇ ਜਾਪਾਨ ਤੇ ਦੱਖਣੀ ਕੋਰੀਆ ਹਨ। ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਰੈਂਕਿੰਗ ਵਾਲਾ ਦੇਸ਼ ਬਣ ਗਿਆ ਹੈ।

ਹੈਨਲੇ ਪਾਸਪੋਰਟ ਇੰਡੈਕਸ 2025 ਵਿੱਚ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਘੋਸ਼ਿਤ ਹੋਇਆ ਹੈ। ਪਾਕਿਸਤਾਨ ਨੂੰ ਇਹ ਇੰਡੈਕਸ ਯਮਨ ਅਤੇ ਸੋਮਾਲੀਆ ਦੇ ਨਾਲ 96ਵੇਂ ਸਥਾਨ ‘ਤੇ ਰੱਖਦਾ ਹੈ। ਪਾਕਿਸਤਾਨ ਤੋਂ ਹੇਠਾਂ ਸਿਰਫ ਤਿੰਨ ਦੇਸ਼ ਹਨ – ਇਰਾਕ (97ਵਾਂ), ਸੀਰੀਆ (98ਵਾਂ) ਅਤੇ ਅਫ਼ਗਾਨਿਸਤਾਨ (99ਵਾਂ)। ਇਹ ਦੇਸ਼ ਲੰਬੇ ਸਮੇਂ ਤੋਂ ਹਿੰਸਾ ਅਤੇ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਪਾਸਪੋਰਟ ਰੱਖਣ ਵਾਲੇ ਸਿਰਫ 32 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਂ ਵੀਜ਼ਾ ਆਨ ਅਰਾਈਵਲ 'ਤੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਕੋਈ ਵੀ ਵੱਡਾ ਜਾਂ ਵਿਕਸਿਤ ਦੇਸ਼ ਸ਼ਾਮਲ ਨਹੀਂ।

ਭਾਰਤ ਦੀ ਪਾਸਪੋਰਟ ਤਾਕਤ 'ਚ ਵਾਧਾ

ਭਾਰਤ ਨੇ ਇਸ ਸਾਲ ਪਾਸਪੋਰਟ ਰੈਂਕਿੰਗ 'ਚ ਵਧੀਆ ਛਾਲ ਮਾਰੀ ਹੈ। ਹੁਣ ਭਾਰਤ ਦਾ ਪਾਸਪੋਰਟ 77ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਛੇ ਮਹੀਨੇ ਪਹਿਲਾਂ ਇਹ 85ਵੇਂ ਸਥਾਨ 'ਤੇ ਸੀ। ਚੀਨ ਨੂੰ ਇਸ ਰੈਂਕਿੰਗ ਵਿੱਚ 60ਵਾਂ ਅਤੇ ਈਰਾਨ ਨੂੰ 91ਵਾਂ ਸਥਾਨ ਮਿਲਿਆ ਹੈ।

ਸਭ ਤੋਂ ਤਾਕਤਵਰ ਪਾਸਪੋਰਟ ਕਿਹੜਾ?

Henley Index ਅਨੁਸਾਰ, ਦੁਨੀਆ 'ਚ ਸਭ ਤੋਂ ਤਾਕਤਵਰ ਪਾਸਪੋਰਟ ਸਿੰਗਾਪੁਰ ਦਾ ਹੈ। ਇਸ ਦੇ ਧਾਰਕਾਂ ਨੂੰ 193 ਦੇਸ਼ਾਂ 'ਚ ਵੀਜ਼ਾ-ਫ੍ਰੀ ਜਾਂ ਵੀਜ਼ਾ-ਆਨ-ਅਰਾਈਵਲ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਬਾਅਦ ਜਾਪਾਨ ਅਤੇ ਦੱਖਣ ਕੋਰੀਆ ਦੂਜੇ ਸਥਾਨ 'ਤੇ ਹਨ। ਤੀਜੇ ਸਥਾਨ 'ਤੇ ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਅਤੇ ਸਪੇਨ ਵਰਗੇ ਸੱਤ ਯੂਰਪੀ ਦੇਸ਼ ਹਨ।

ਬਰਤਾਨੀਆ-ਅਮਰੀਕਾ ਪਿੱਛੇ ਹਟੇ, UAE ਨੇ ਦਿਖਾਈ ਤਾਕਤ

ਇੱਕ ਸਮੇਂ ਸਭ ਤੋਂ ਤਾਕਤਵਰ ਪਾਸਪੋਰਟ ਵਾਲੇ ਦੇਸ਼ ਰਹੇ ਬਰਤਾਨੀਆ ਅਤੇ ਅਮਰੀਕਾ ਹੁਣ ਗਿਰਾਵਟ ਦਾ ਸਾਹਮਣਾ ਕਰ ਰਹੇ ਹਨ। ਬਰਤਾਨੀਆ ਹੁਣ ਛੇਵੇਂ ਅਤੇ ਅਮਰੀਕਾ ਦਸਵੇਂ ਸਥਾਨ 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮੀਰਾਤ (UAE) ਨੇ ਪਾਸਪੋਰਟ ਤਾਕਤ 'ਚ ਸ਼ਾਨਦਾਰ ਸੁਧਾਰ ਕੀਤਾ ਹੈ। ਪਿਛਲੇ 10 ਸਾਲਾਂ 'ਚ UAE ਦਾ ਪਾਸਪੋਰਟ 42ਵੇਂ ਸਥਾਨ ਤੋਂ ਚੜ੍ਹ ਕੇ ਹੁਣ 8ਵੇਂ ਸਥਾਨ 'ਤੇ ਆ ਗਿਆ ਹੈ।

ਹੈਨਲੇ ਪਾਸਪੋਰਟ ਇੰਡੈਕਸ ਕੀ ਹੈ?

ਹੈਨਲੇ ਐਂਡ ਪਾਰਟਨਰਜ਼ ਨਾਂ ਦੀ ਇਕ ਬ੍ਰਿਟੇਨ ਅਧਾਰਤ Consultancy company ਹਰ ਸਾਲ ਦੁਨੀਆ ਦੇ 199 ਪਾਸਪੋਰਟਾਂ ਦੀ ਰੈਂਕਿੰਗ ਕਰਦੀ ਹੈ। ਇਸ ਵਿੱਚ ਅੰਤਰਰਾਸ਼ਟਰੀ ਵਾਯੂ ਆਵਾਜਾਈ ਸੰਘ (IATA) ਦੇ ਅੰਕੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੰਡੈਕਸ ਪਾਸਪੋਰਟ ਦੀ ਤਾਕਤ ਨੂੰ ਮਾਪਣ ਦਾ ਸਭ ਤੋਂ ਭਰੋਸੇਯੋਗ ਪੈਮਾਨਾ ਮੰਨਿਆ ਜਾਂਦਾ ਹੈ।