ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਕਤਲ
ਏਬੀਪੀ ਸਾਂਝਾ | 09 Feb 2018 03:07 PM (IST)
ਚੰਡੀਗੜ੍ਹ: ਰਾਜਪੁਰਾ ਦੇ ਪਿੰਡ ਪਿੱਪਲ ਮੰਗੋਲੀ ਦੇ ਅਮਰੀਕਾ ਰਹਿੰਦੇ ਨੌਜਵਾਨ ਪਰਮਜੀਤ ਸਿੰਘ ਰਿੰਮੀ ਦਾ ਬੀਤੇ ਮੰਗਲਵਾਰ ਜੌਰਜੀਆ ਦੇ ਰੋਮ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਸਮੇਂ 44 ਸਾਲਾ ਰਿੰਮੀ ਬਰਨੈਟ ਫੇਰੀ ਰੋਡ 'ਤੇ ਸਥਿਤ ਹਾਈਟੈੱਕ ਕੁਇੱਕ ਸਟੌਪ ਵਿੱਚ ਖੜ੍ਹਾ ਸੀ। ਇਸ ਤੋਂ ਬਾਅਦ ਉਸੇ ਹਮਲਾਵਰ ਨੇ ਇੱਕ ਹੋਰ ਘਟਨਾ ਨੂੰ ਅੰਜਾਮ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਫੱਟੜ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਹਿਰ ਦੇ ਸ਼ੈਰਿਫ ਨੇ ਦੱਸਿਆ ਕਿ 'ਤੇ ਹਥਿਆਰਬੰਦ ਵਿਅਕਤੀ ਨੇ ਪਰਮਜੀਤ 'ਤੇ ਹਮਲਾ ਕਰਨ ਤੋਂ 10 ਮਿੰਟ ਬਾਅਦ ਹੀ ਐਲਮ ਸਟਰੀਟ ਫੂਡ ਐਂਡ ਬੈਵਰੇਜਿਜ਼ ਨਾਂ ਦੇ ਸਟੋਰ ਨੂੰ ਵੀ ਲੁੱਟਿਆ ਤੇ ਕਲਰਕ ਪਾਰਥੇ ਪਟੇਲ 'ਤੇ ਗੋਲ਼ੀ ਚਲਾਈ। 30 ਸਾਲਾ ਪਟੇਲ ਦੀ ਹਾਲਤ ਗੰਭੀਰ ਹੈ। ਪੁਲਿਸ ਮੁਤਾਬਕ 28 ਸਾਲਾ ਸ਼ੱਕੀ ਮੁਲਜ਼ਮ ਲਮਰ ਰਾਸ਼ਿਦ ਨਿਕੋਲਸਨ ਨੂੰ ਕਤਲ, ਲੁੱਟਮਾਰ ਤੇ ਜਾਨਲਾਵੇ ਹਮਲਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਹੈ। ਪਰਮਜੀਤ ਦੇ ਭਰਾ ਨੇ ਦੱਸਿਆ ਕਿ ਰਿੰਮੀ 8 ਸਾਲ ਪਹਿਲਾਂ ਇਸ ਇਲਾਕੇ ਵਿੱਚ ਆਇਆ ਸੀ। ਪਰਮਜੀਤ ਦੇ ਭਰਾ ਦੇ ਸ਼ਹਿਰ ਵਿੱਚ ਕਈ ਕਾਰੋਬਾਰ ਹਨ। ਪੁਲਿਸ ਨੇ ਸੀ.ਸੀ.ਟੀ.ਵੀ. ਦੀ ਵੀਡੀਓ ਦੇ ਆਧਾਰ 'ਤੇ ਦੱਸਿਆ ਕਿ ਮੁਲਜ਼ਮ ਨੇ ਪਰਮਜੀਤ ਦੀ ਦੁਕਾਨ ਵਿੱਚ ਵੜਦਿਆਂ ਸਾਰ ਹੀ ਉਸ ਦੇ ਤਿੰਨ ਗੋਲ਼ੀਆਂ ਮਾਰ ਦਿੱਤੀਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਉੱਥੇ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ। ਪੁਲਿਸ ਮੁਤਾਬਕ ਮੁਲਜ਼ਮ ਨਿਕੋਲਸਨ ਨੇ ਇਸ ਤੋਂ ਪਹਿਲਾਂ 9 ਜਨਵਰੀ ਨੂੰ ਇੱਕ ਤਿੰਨ ਸਾਲਾ ਬੱਚੀ ਨੂੰ ਹੋਰਾਂ ਬੱਚਿਆਂ ਸਾਹਮਣੇ ਬੁਰੇ ਤਰੀਕੇ ਨਾਲ ਗਾਲ਼ਾਂ ਕੱਢੀਆਂ ਸਨ। ਪੁਲਿਸ ਇਸ ਜੁਰਮ ਪਿੱਛੇ ਮੰਤਵ ਨੂੰ ਤਲਾਸ਼ਣ ਵਿੱਚ ਲੱਗੀ ਹੋਈ ਹੈ।