ਇਸਲਾਮਾਬਾਦ: ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਪੀਸੀਬੀ ਨੇ ਕ੍ਰਿਕੇਟ ਦੇ ਤਿੰਨ ਫਾਰਮੈਟਾਂ ਦੀ ਕਪਤਾਨੀ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਪਾਕਿਸਤਾਨ ਨੇ ਹਾਲ ਹੀ ਵਿੱਚ ਘਰੇਲੂ ਮੈਚਾਂ ਵਿੱਚ ਸ਼੍ਰੀਲੰਕਾ ਤੋਂ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹਾਰ ਦਾ ਸਾਹਮਣਾ ਕੀਤਾ ਹੈ। ਇਹ ਸਾਰਾ ਸਾਲ ਪਾਕਿਸਤਾਨ ਕ੍ਰਿਕੇਟ ਲਈ ਬਹੁਤ ਨਿਰਾਸ਼ਾਜਨਕ ਰਿਹਾ ਹੈ।




ਸਾਲ ਦੇ ਸ਼ੁਰੂ ਵਿੱਚ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਦੇ ਹੱਥੋਂ ਕਲੀਨ ਸਵੀਪ ਮਿਲਿਆ। ਇਸ ਤੋਂ ਬਾਅਦ ਆਸਟਰੇਲੀਆ ਨੇ ਵੀ ਉਸ ਨੂੰ 5-0 ਨਾਲ ਹਰਾਇਆ। ਵਿਸ਼ਵ ਕੱਪ ਵਿੱਚ ਵੀ, ਉਹ ਕੁਝ ਖਾਸ ਨਹੀਂ ਕਰ ਸਕਿਆ। ਆਪਣੇ ਮਾੜੇ ਪ੍ਰਦਰਸ਼ਨ ਦੌਰਾਨ ਸਰਫਰਾਜ਼ ਅਹਿਮਦ ਕਪਤਾਨੀ ਵਿੱਚ ਤਾਂ ਅਸਫਲ ਰਿਹਾ ਹੀ, ਨਾਲ ਹੀ ਉਸ ਨੇ ਬੱਲੇਬਾਜ਼ੀ ਵਿੱਚ ਵੀ ਕੋਈ ਖ਼ਾਸ ਕਮਾਲ ਨਹੀਂ ਦਿਖਾਇਆ।

ਉਸਨੇ 50 ਵਨਡੇ ਮੈਚਾਂ ਵਿੱਚ ਪਾਕਿਸਤਾਨ ਦੀ ਅਗਵਾਈ ਕੀਤੀ ਤੇ 5 ਅਰਧ ਸੈਂਕੜਿਆਂ ਦੀ ਮਦਦ ਨਾਲ 804 ਦੌੜਾਂ ਬਣਾਈਆਂ। ਉਸਨੇ ਆਪਣੀ ਅਗਵਾਈ ਵਿੱਚ ਖੇਡੇ ਗਏ 50 ਵਨਡੇ ਮੈਚਾਂ ਵਿੱਚੋਂ 28 ਵਿੱਚ ਪਾਕਿਸਤਾਨ ਨੂੰ ਜਿੱਤ ਦਿਵਾਈ।

ਟੈਸਟ ਦੀ ਗੱਲ ਕਰੀਏ ਤਾਂ ਸਰਫਰਾਜ ਨੇ 13 ਮੈਚਾਂ ਵਿੱਚੋਂ 4 ਮੈਚ ਜਿੱਤੇ ਜਦਕਿ ਟੀ-20 ਵਿਚ ਉਸ ਦੀ ਕਪਤਾਨੀ ਵਿੱਚ ਪਾਕਿਸਤਾਨ ਨੇ 37 ਵਿਚੋਂ 29 ਮੈਚ ਜਿੱਤੇ। ਜੇ ਖਬਰਾਂ ਦੀ ਮੰਨੀਏ ਤਾਂ ਹੁਣ ਟਾਪ ਆਰਡਰ ਦੇ ਬੱਲੇਬਾਜ਼ ਅਜ਼ਹਰ ਅਲੀ ਟੈਸਟ ਟੀਮ ਦੇ ਨਵੇਂ ਕਪਤਾਨ ਬਣ ਸਕਦੇ ਹਨ।