ਵੈਟੀਕਨ ਸਿਟੀ : ਬੰਗਲਾਦੇਸ਼ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਬਦਹਾਲੀ ਵੇਖ ਈਸਾਈ ਧਰਮ ਗੁਰੂ ਪੋਪ ਫਰਾਂਸਿਸ ਦੀਆਂ ਅੱਖਾਂ ਤੋਂ ਹੰਝੂ ਵਹਿ ਤੁਰੇ। ਇਸ ਦੀ ਜਾਣਕਾਰੀ ਖ਼ੁਦ ਪੋਪ ਨੇ ਪੱਤਰਕਾਰਾਂ ਨੂੰ ਬੰਗਲਾਦੇਸ਼ ਤੋਂ ਰੋਮ ਮੁੜਦੇ ਹੋਏ ਜਹਾਜ਼ ਵਿਚ ਦਿੱਤੀ। ਉਹ ਹਾਲ ਹੀ ਵਿਚ ਮਿਆਂਮਾਰ ਅਤੇ ਬੰਗਲਾਦੇਸ਼ ਦੇ ਦੌਰੇ 'ਤੇ ਗਏ ਸਨ।

ਪੋਪ ਨੇ ਕਿਹਾ, 'ਮੈਂ ਰੋ ਪਿਆ। ਮੈਂ ਹੰਝੂ ਲੁਕੋਣ ਦੀ ਕੋਸ਼ਿਸ਼ ਕੀਤੀ ਤਾਕਿ ਉਹ ਵਿਖਾਈ ਨਾ ਦੇਣ। ਉਹ (ਰੋਹਿੰਗਿਆ) ਵੀ ਰੋ ਪਏ। ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਉਨ੍ਹਾਂÎ ਨੂੰ ਬਿਨਾਂ ਇਕ ਵੀ ਸ਼ਬਦ ਕਹੇ ਨਹੀਂ ਜਾ ਸਕਦਾ।' ਪੋਪ ਅਨੁਸਾਰ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਰੋਹਿੰਗਿਆ ਨੂੰ ਮਿਲਣਾ ਹੈ ਪ੍ਰੰਤੂ ਕਿਥੇ ਅਤੇ ਕਿਸ ਤਰ੍ਹਾਂÎ, ਇਹ ਨਹੀਂ ਪਤਾ ਸੀ।

ਪੋਪ ਦੀ ਇਹ ਯਾਤਰਾ ਮਿਆਂਮਾਰ ਵਿਚ ਭੜਕੀ ਹਿੰਸਾ ਕਾਰਨ ਹਿਜਰਤ ਕਰ ਚੁੱਕੇ ਮੁਸਲਮਾਨਾਂ ਦੇ ਨਾਲ ਇਕਜੁੱਟਤਾ ਵਿਖਾਉਣ ਦਾ ਯਤਨ ਵੀ ਸੀ। ਪੋਪ ਨੇ ਕਿਹਾ ਕਿ ਬੰਗਲਾਦੇਸ਼ ਨੇ ਰੋਹਿੰਗਿਆ ਦੇ ਲਈ ਬਹੁਤ ਕੁਝ ਕੀਤਾ ਹੈ। ਇਹ ਵੱਡਾ ਉਦਾਹਰਣ ਹੈ। ਪੋਪ ਨੇ ਰੋਹਿੰਗਿਆ ਮੁਸਲਮਾਨਾਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸਤਾਇਆ, ਨੁਕਸਾਨ ਪੁਚਾਇਆ ਅਤੇ ਦੁਨੀਆ ਦੀ ਉਦਾਸੀਨਤਾ ਨੂੰ ਲੈ ਕੇ ਮੈਂ ਤੁਹਾਨੂੰ ਉਨ੍ਹਾਂ ਨੂੰ ਮਾਫ਼ ਕਰਨ ਨੂੰ ਕਹਿੰਦਾ ਹਾਂ।

ਮਿਆਂਮਾਰ ਵਿਚ ਇਸ ਸਾਲ 25 ਅਗਸਤ ਪਿੱਛੋਂ ਭੜਕੀ ਹਿੰਸਾ ਤੋਂ ਪਰੇਸ਼ਾਨ ਰੋਹਿੰਗਿਆ ਮੁਸਲਮਾਨਾਂ ਨੇ ਲੱਖਾਂ ਦੀ ਗਿਣਤੀ ਵਿਚ ਬੰਗਲਾਦੇਸ਼ ਵਿਚ ਸ਼ਰਨ ਲਈ ਹੋਈ ਹੈ। ਇਕ ਅਨੁਮਾਨ ਅਨੁਸਾਰ ਲਗਪਗ ਛੇ ਲੱਖ, 20 ਹਜ਼ਾਰ ਤੋਂ ਜ਼ਿਆਦਾ ਰੋਹਿੰਗਿਆ ਬੰਗਲਾਦੇਸ਼ ਵਿਚ ਰਹਿ ਰਹੇ ਹਨ।