Taliban Enters Kabul: ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਾਨੀ ਨੇ ਅਸਤੀਫਾ ਦੇ ਦਿੱਤਾ ਹੈ।ਤਾਲੀਬਾਨ ਅਫਗਾਨਿਸਤਾਨ ਤੇ ਕਬਜ਼ਾ ਕਰ ਚੁੱਕਾ ਹੈ।ਹੁਣ ਅਫਗਾਨਿਸਤਾਨ ਤੇ ਪੂਰੀ ਤਰ੍ਹਾਂ ਨਾਲ ਤਾਲੀਬਾਨ ਦਾ ਰਾਜ ਹੈ।ਇੱਥੇ ਦੋਹਾ ਤੋਂ ਤਾਲਿਬਾਨ ਕਮਾਂਡਰ ਮੁੱਲਾ ਅਬਦੁਲ ਗਨੀ ਬਰਾੜ ਦੇ ਕਾਬੁਲ ਪਹੁੰਚਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਹ ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਹੋ ਸਕਦੇ ਹਨ। ਇੱਕ ਅਫਗਾਨ ਅਧਿਕਾਰੀ ਨੇ ਕਿਹਾ ਕਿ ਤਾਲਿਬਾਨ ਵਾਰਤਾਕਾਰ ਰਾਸ਼ਟਰਪਤੀ ਦੇ ਨਿਵਾਸ ਵੱਲ ਜਾ ਰਹੇ ਸਨ ਤਾਂ ਕਿ ਉਹ ਸੱਤਾ ਦੇ "ਤਬਾਦਲੇ" ਦੀ ਤਿਆਰੀ ਕਰ ਸਕਣ। ਅਧਿਕਾਰੀ ਨੇ ਐਤਵਾਰ ਨੂੰ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਸ਼ਾਂਤੀਪੂਰਨ ਢੰਗ ਨਾਲ ਤਾਲਿਬਾਨ ਨੂੰ ਸੱਤਾ ਸੌਂਪਣਾ ਹੈ। ਤਾਲਿਬਾਨ ਨੇ ਕਿਹਾ ਕਿ ਉਨ੍ਹਾਂ ਨੇ ਤਾਕਤ ਨਾਲ ਸੱਤਾ ਹਥਿਆਉਣ ਦੀ ਯੋਜਨਾ ਨਹੀਂ ਬਣਾਈ ਸੀ।
ਰਾਸ਼ਟਰਪਤੀ ਅਸ਼ਰਫ ਗਨੀ ਨੇ ਸੁਰੱਖਿਆ ਬਲਾਂ ਨੂੰ ਰਾਜਧਾਨੀ ਕਾਬੁਲ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ, ਤਾਲਿਬਾਨ ਲੜਾਕਿਆਂ ਨੇ ਐਤਵਾਰ ਨੂੰ ਰਾਜਧਾਨੀ ਕਾਬੁਲ ਦੇ ਬਾਹਰਵਾਰ ਸਾਰੇ ਪਾਸਿਆਂ ਤੋਂ ਘੁਸਪੈਠ ਸ਼ੁਰੂ ਕਰ ਦਿੱਤੀ ਸੀ। ਕਾਬੁਲ ਦੇ ਬਾਹਰ ਵੱਡੀ ਗਿਣਤੀ ਵਿੱਚ ਤਾਲਿਬਾਨ ਲੜਾਕੂ ਮੌਜੂਦ ਹਨ ਅਤੇ ਕਾਬੁਲ ਦੇ ਆਕਾਸ਼ ਵਿੱਚ ਧੂੰਏਂ ਅਤੇ ਧਮਾਕਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇੱਥੇ, ਫੌਜ ਦੇ ਹੈਲੀਕਾਪਟਰ ਕਾਬੁਲ ਦੇ ਆਕਾਸ਼ ਵਿੱਚ ਘੁੰਮ ਰਹੇ ਹਨ। ਕਾਬੁਲ ਨੂੰ ਜਾਣ ਵਾਲੀਆਂ ਲਗਭਗ ਸਾਰੀਆਂ ਸੜਕਾਂ 'ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।
ਇੱਥੇ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਬੁਲ 'ਤੇ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੱਤਾ ਦਾ ਤਬਾਦਲਾ ਸ਼ਾਂਤੀਪੂਰਵਕ ਢੰਗ ਨਾਲ ਕੀਤਾ ਜਾਵੇਗਾ। ਜਦੋਂਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਕਾਬੁਲ ਵਿੱਚ ਸਥਿਤੀ ਕੰਟਰੋਲ ਵਿੱਚ ਹੈ ਤੇ ਡਰਨ ਦੀ ਕੋਈ ਲੋੜ ਨਹੀਂ। ਇੱਥੇ, ਸਰਕਾਰੀ ਕਰਮਚਾਰੀਆਂ ਨੂੰ ਦਫਤਰਾਂ ਤੋਂ ਘਰ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ ਤਾਲਿਬਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਗੱਲਬਾਤ ਰਾਹੀਂ ਸ਼ਾਂਤੀ ਨਾਲ ਕਾਬੁਲ ਵਿੱਚ ਦਾਖਲ ਹੋਣਗੇ। ਜ਼ਬਰਦਸਤੀ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ। ਤਾਲਿਬਾਨ ਨੇ ਅੱਗੇ ਕਿਹਾ ਕਿ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਅਸੀਂ ਕਿਸੇ ਤੋਂ ਬਦਲਾ ਨਹੀਂ ਲੈਣਾ ਚਾਹੁੰਦੇ।
ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਲੜਾਕਿਆਂ ਨੂੰ ਫਿਲਹਾਲ ਸ਼ਹਿਰ ਦੇ ਦਰਵਾਜ਼ਿਆਂ 'ਤੇ ਖੜ੍ਹੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੇਸ਼ ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਨਾਲ ਤਾਲਿਬਾਨ ਦੀ ਗਤੀ ਤੇਜ਼ ਹੋ ਗਈ ਸੀ ਅਤੇ ਹੁਣ ਰਾਜਧਾਨੀ ਉਨ੍ਹਾਂ ਦੇ ਚੁੰਗਲ ਵਿੱਚ ਫਸ ਗਈ ਹੈ।
ਇਸ ਦੌਰਾਨ ਕਾਬੁਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਸਰਕਾਰ ਦੀ ਹੈ। ਦੂਜੇ ਪਾਸੇ, ਬਲੂਮਬਰਗ ਦੀ ਰਿਪੋਰਟ ਨੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਫਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਾਬੁਲ ਦਾ ਰਾਸ਼ਟਰੀ ਸੁਰੱਖਿਆ ਬਲ ਦੁਆਰਾ ਨਿਯੰਤਰਣ ਹੈ ਤੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।