President Joe Biden : ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਿਡੇਨ ਆਪਣੀ ਉਮੀਦਵਾਰੀ ਛੱਡ ਸਕਦੇ ਹਨ। ਨਿਊਜ਼ਮੈਕਸ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋ ਸਕਦੇ ਹਨ। ਪੱਤਰਕਾਰ ਮਾਰਕ ਹੈਲਪਰਿਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਿਡੇਨ ਡੈਮੋਕ੍ਰੇਟਿਕ ਉਮੀਦਵਾਰ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਸਹਿਮਤ ਹੋ ਗਏ ਹਨ। 


ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਸਮਰਥਨ ਨਹੀਂ ਕਰਨਗੇ। ਉਹ ਇੱਕ ਉਮੀਦਵਾਰ ਲਈ ਓਪਨ ਪ੍ਰਕਿਰਿਆ ਦਾ ਸਮਰਥਨ ਕਰਨਗੇ, ਜਿਸ ਨਾਲ ਕੁਝ ਹੋਰ ਉਮੀਦਵਾਰਾਂ ਲਈ ਰਾਹ ਖੁੱਲ੍ਹ ਸਕਦਾ ਹੈ। ਹਾਲਾਂਕਿ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣਿਆ ਜਾ ਸਕਦਾ ਹੈ। ਹਾਲ ਹੀ ਵਿੱਚ ਰਾਸ਼ਟਰਪਤੀ ਦੀ ਡਿਬੇਟ ਵਿੱਚ ਡੋਨਾਲਡ ਟਰੰਪ ਜੋ ਬਿਡੇਨ ਉੱਤੇ ਭਾਰੀ ਪੈਂਦੇ ਨਜ਼ਰ ਆ ਰਹੇ ਸੀ।


ਜਿਸ ਤੋਂ ਬਾਅਦ ਜੋ ਬਿਡੇਨ ਦੀ ਸਿਹਤ ਅਤੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਹੁਣ ਜੋ ਬਿਡੇਨ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਦੌੜ ਤੋਂ ਹਟਣ ਦਾ ਐਲਾਨ ਕਰ ਸਕਦੇ ਹਨ। ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਉਨ੍ਹਾਂ ਦੇ ਕਰੀਬੀ ਲੋਕਾਂ ਦਾ ਮੰਨਣਾ ਹੈ ਕਿ ਬਿਡੇਨ ਨੇ ਇਸ ਵਿਚਾਰ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਵੀ ਮਹਿਸੂਸ ਕਰਨ ਲੱਗ ਪਏ ਹਨ ਕਿ ਉਹ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਜਿੱਤਣ ਦੇ ਕਾਬਲ ਨਹੀਂ ਹੈ।


ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਲੱਗਦਾ ਹੈ ਕਿ ਬਿਡੇਨ ਹੁਣ ਪਿੱਛੇ ਹਟ ਜਾਣਗੇ। ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਿਹਾ ਸੀ ਕਿ ਇਸ ਵਾਰ ਬਿਡੇਨ ਦੀ ਜਿੱਤ ਦੀ ਸੰਭਾਵਨਾ ਬਹੁਤ ਘੱਟ ਹੈ।


ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਵੀਰਵਾਰ ਰਾਤ ਤੱਕ ਕਿਆਸ ਲਗਾਏ ਜਾ ਰਹੇ ਸਨ ਕਿ ਬਿਡੇਨ ਕਿਸੇ ਵੇਲੇ ਵੀ ਚੋਣ ਨਾ ਲੜਨ ਦਾ ਐਲਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਉੱਪਰਾਸ਼ਟਰਪਤੀ ਕਮਲਾ ਹੈਰਿਸ ਨੇ ਪਾਰਟੀ ਉਮੀਦਵਾਰ ਬਣਨ ਦੀਆਂ ਸੰਭਾਵਨਾਵਾਂ ਦਰਮਿਆਨ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਵਿਕਲਪ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। 


ਹਾਲ ਹੀ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲਾ ਹੋਇਆ ਸੀ।  ਅਮਰੀਕਾ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਾਰਨ ਅਮਰੀਕੀ ਲੋਕਾਂ ਦੀਆਂ ਵੋਟਾਂ ਹਮਦਰਦੀ ਦੇ ਰੂਪ ਵਿੱਚ ਟਰੰਪ ਦੀ ਝੋਲੀ ਵਿੱਚ ਜਾ ਸਕਦੀਆਂ ਹਨ। ਇਸੇ ਕਰਕੇ ਬਿਡੇਨ ਦੇ ਜਿੱਤਣ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਗਈਆਂ ਹਨ।