ਗੁਰਦਾਸਪੁਰ: ਭਾਰਤ ਸਰਕਾਰ ਨੇ ਆਪਣੇ ਹਿੱਸੇ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ। ਹੁਣ 28 ਨਵੰਬਰ ਨੂੰ ਪਾਕਿਸਤਾਨ ਵਾਲੇ ਬੰਨਿਓਂ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ। ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਸਿੱਧਾ ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ ਨੂੰ ਚੁਣੌਤੀ ਦਿੱਤੀ ਤੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਖ਼ੂਨ-ਖਰਾਬਾ ਨਹੀਂ ਚੱਲੇਗਾ।

ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੇ ਦੀਨਾਨਗਰ, ਗੁਰਦਾਸਪੁਰ ਵਿੱਚ ਹਮਲੇ ਕੀਤੇ। ਹਾਲ ਹੀ ਵਿੱਚ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ’ਤੇ ਵੀ ਹਮਲਾ ਹੋਇਆ। ਉਨ੍ਹਾਂ ਕਿਹਾ ਕਿ ਇਹ ਸਭ ਕਾਇਰਾਨਾ ਹਰਕਤਾਂ ਪਾਕਿਸਤਾਨ ਦੀਆਂ ਹੀ ਹਨ। ਉਨ੍ਹਾਂ ਬਾਜਵਾ ’ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਉਹ ਸਮਝ ਜਾਣ, ਉਨ੍ਹਾਂ (ਕੈਪਟਨ) ਦਾ ਵੀ ਖ਼ੂਨ ਖੌਲ਼ਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸੇ ਲਈ ਹੀ ਪਾਕਿਸਤਾਨ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਮੇਰਾ ਵੀ ਕਰਤਾਰਪੁਰ ਸਾਹਿਬ ਜਾਣ ਨੂੰ ਮਨ ਕਰਦਾ ਹੈ ਪਰ ਮੈਂ ਮੁੱਖ ਮੰਤਰੀ ਹਾਂ ਇਸ ਲਈ ਮੇਰਾ ਧਰਮ ਹੈ ਕਿ ਮੈਂ ਪੰਜਾਬ ਤੇ ਇਸ ਦੇ ਲੋਕਾਂ ਦੀ ਸੁਰੱਖਿਆ ਕਰਾਂ। ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਖ਼ੂਨ ਖਰਾਬਾ ਹਰਗਿਜ਼ ਨਹੀਂ ਚੱਲੇਗਾ।