Maharaja Ranjit Singh: ਪਾਕਿਸਤਾਨ ਦੇ ਪੰਜਾਬ ਵਿੱਚ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (P.S.G.P.C) ਦੇ ਚੇਅਰਮੈਨ ਰਮੇਸ਼ ਸਿੰਘ ਅਰੋੜਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਗੁਰਦੁਆਰਾ ਡੇਰਾ ਸਾਹਿਬ ਦੇ ਗਲਿਆਰੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੂੰ ਉਸ ਦੀ ਅਸਲ ਹਾਲਤ ਵਿੱਚ ਬਹਾਲ ਕੀਤਾ ਜਾਵੇਗਾ। ਬਾਦਸ਼ਾਹੀ ਮਸਜਿਦ ਦੇ ਪਾਸੇ ਤੇ ਲਾਹੌਰ ਸ਼ਾਹੀ ਕਿਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ ਜਿਸ ਨੂੰ ਚਿੱਟਾ ਰੰਗ ਦਿੱਤਾ ਗਿਆ ਹੈ।


ਰਮੇਸ਼ ਸਿੰਘ ਨੇ ਅੱਗੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਾਈ ਜਿੰਦਾਂ ਦੀ ਸਮਾਧ ਜੋ ਕਿ ਮਹਾਰਾਜਾ ਦੀ ਸਮਾਧ ਦੇ ਨੇੜੇ ਹੈ ਉਸ ਨੂੰ ਵੀ ਬਹਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਗੁਰੂਘਰਾਂ ਦੀ ਕਾਰਸੇਵਾ ਤੇ ਸਜਾਵਟ ਦਾ ਕੰਮ ਵੀ ਚੱਲ ਰਿਹਾ ਹੈ।






ਜਦੋਂ ਰਮੇਸ਼ ਸਿੰਘ ਨੂੰ ਪੁੱਛਿਆ ਗਿਆ ਕਿ,, ਕੀ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਕੋਈ ਯਾਦਗਾਰ ਜਾਂ ਬੁੱਤ ਸਥਾਪਿਤ ਕੀਤਾ ਜਾਵੇਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਪੰਜਾਬ 'ਤੇ ਰਾਜ ਕੀਤਾ, ਤਾਂ ਉਨ੍ਹਾਂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ, ਸਤੰਬਰ 2015 ਵਿੱਚ, ਪੰਜਾਬ ਵਿੱਚ ਪੀ.ਐੱਮ.ਐੱਲ.-ਐੱਨ. ਦੀ ਸਰਕਾਰ ਦੌਰਾਨ, ਉਨ੍ਹਾਂ ਨੇ ਪੰਜਾਬ ਅਸੈਂਬਲੀ ਦੇ ਮੈਂਬਰ ਵਜੋਂ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਲਾਹੌਰ ਵਿੱਚ ਕਿਸੇ ਮਹੱਤਵਪੂਰਨ ਸੜਕ ਜਾਂ ਇਮਾਰਤ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ ਰਣਜੀਤ ਸਿੰਘ ਤੋਂ ਬਾਅਦ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਪਰ ਅੱਜ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।


ਗੌਰਤਲਬ ਹੈ ਕਿ ਸਾਲ 2019 ਵਿਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਉਨ੍ਹਾਂ ਦਾ ਇੱਕ ਉੱਚਾ ਬੁੱਤ ਲਗਾਇਆ ਗਿਆ ਸੀ, ਜਿਸ ਨੂੰ ਤਿੰਨ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ ਅਤੇ ਅੰਤ ਵਿਚ ਇਸ ਬੁੱਤ ਨੂੰ ਉਥੋਂ ਹਟਾ ਦਿੱਤਾ ਗਿਆ ਸੀ ਅਤੇ ਮੁਰੰਮਤ ਤੋਂ ਬਾਅਦ  ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਲਗਾਇਆ ਗਿਆ।


ਜ਼ਿਕਰ ਕਰ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਭਾਰਤ ਤੋਂ 448 ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ ਹਨ। ਪਾਕਿਸਤਾਨ ਹਾਈ ਕਮਿਸ਼ਨ ਨੇ 21 ਜੂਨ ਤੋਂ 30 ਜੂਨ ਤੱਕ 509 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਮੁੱਖ ਬਰਸੀ ਸਮਾਗਮ 29 ਜੂਨ ਨੂੰ ਲਾਹੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਵਿਖੇ ਹੋਵੇਗਾ।