Punjabi in Britain: ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਆਪਣੀ ਮਿਹਨਤ ਨਾਲ ਜਿੱਥੇ ਵੱਡੇ ਮੁਕਾਮ ਹਾਸਲ ਕੀਤੇ ਹਨ, ਉੱਥੇ ਹੀ ਕੁਝ ਲੋਕਾਂ ਨੇ ਇਸ ਮਿਹਨਤਕਸ਼ ਕੌਮ ਦਾ ਨਾਂ ਬਦਨਾਮ ਵੀ ਕਰਵਾਇਆ ਹੈ। ਤਾਜ਼ਾ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਹੈ। ਇੱਥੇ ਕੌਮਾਂਤਰੀ ਪੱਧਰ ’ਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੇ ਮਨੁੱਖੀ ਤਸਕਰੀ ਦੇ ਮਾਮਲੇ ’ਚ 16 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਵਿੱਚ ਕਈ ਪੰਜਾਬੀ ਵੀ ਸ਼ਾਮਲ ਹਨ।



ਹਾਸਲ ਜਾਣਕਾਰੀ ਮੁਤਾਬਕ ਕੌਮਾਂਤਰੀ ਪੱਧਰ ’ਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੇ ਬਰਤਾਨੀਆ ’ਚ ਮਨੁੱਖੀ ਤਸਕਰੀ ਦੇ ਮਾਮਲੇ ’ਚ ਪੰਜਾਬੀਆਂ ਸਮੇਤ 16 ਵਿਅਕਤੀਆਂ ਨੂੰ ਕੁੱਲ ਮਿਲਾ ਕੇ 70 ਤੋਂ ਜ਼ਿਆਦਾ ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੌਮੀ ਅਪਰਾਧ ਏਜੰਸੀ (ਐਨਸੀਏ) ਮੁਤਾਬਕ ਚਰਨ ਸਿੰਘ ਗਰੋਹ ਦਾ ਮੁਖੀ ਸੀ ਤੇ ਉਸ ਨੇ 2017 ਤੋਂ 2019 ਦੌਰਾਨ ਦੁਬਈ ਦੇ ਸੈਂਕੜੇ ਦੌਰੇ ਕਰਕੇ ਬਰਤਾਨੀਆ ਤੋਂ ਬਾਹਰ ਕਰੀਬ 7 ਕਰੋੜ ਪੌਂਡ ਗ਼ੈਰਕਾਨੂੰਨੀ ਢੰਗ ਨਾਲ ਭੇਜੇ ਸਨ। 



ਏਜੰਸੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪੈਸਾ ਨਸ਼ਿਆਂ ਦੀ ਵਿਕਰੀ ਤੇ ਸੰਗਠਤ ਇਮੀਗਰੇਸ਼ਨ ਅਪਰਾਧ ਤੋਂ ਕਮਾਇਆ ਗਿਆ ਸੀ। ਕ੍ਰੋਏਡੋਨ ਕ੍ਰਾਊਨ ਕੋਰਟ ’ਚ ਤਿੰਨ ਦਿਨਾਂ ਤੱਕ ਚੱਲੀ ਸੁਣਵਾਈ ਦੌਰਾਨ ਹੰਸਲੋਅ ਦੇ ਚਰਨ ਸਿੰਘ (44) ਨੂੰ ਸਾਢੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਦੇ ਦੋ ਨਜ਼ਦੀਕੀਆਂ ਵਲਜੀਤ ਸਿੰਘ ਨੂੰ 11 ਸਾਲ ਜਦਕਿ ਸਵੰਦਰ ਸਿੰਘ ਢੱਲ ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ ਹੇਠ 10 ਸਾਲ ਤੇ ਮਨੁੱਖੀ ਤਸਕਰੀ ਲਈ ਪੰਜ ਸਾਲ ਦੀ ਵਾਧੂ ਸਜ਼ਾ ਸੁਣਾਈ ਗਈ ਹੈ। 


ਗਰੋਹ ਦੇ ਹੋਰ ਮੈਂਬਰ ਅਮਰਜੀਤ, ਜਗਿੰਦਰ ਕਪੂਰ, ਜੈਕਦਾਰ ਕਪੂਰ, ਮਨਮੋਹਨ ਸਿੰਘ ਕਪੂਰ, ਪਿੰਕੀ ਕਪੂਰ ਤੇ ਜਸਬੀਰ ਸਿੰਘ ਮਲਹੋਤਰਾ ਨੂੰ 9 ਸਾਲ ਤੋਂ 11 ਮਹੀਨਿਆਂ ਤੱਕ ਦੀ ਸਜ਼ਾ ਦਿੱਤੀ ਗਈ ਹੈ। ਐਨਸੀਏ ਦੇ ਸੀਨੀਅਰ ਜਾਂਚ ਅਧਿਕਾਰੀ ਕ੍ਰਿਸ ਹਿਲ ਨੇ ਕਿਹਾ ਕਿ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਜਾਂਚ ਮਗਰੋਂ ਗਰੋਹ ਦੀਆਂ ਸਰਗਰਮੀਆਂ ਦੇ ਸਬੂਤ ਮਿਲੇ ਜਿਸ ਮਗਰੋਂ ਹੁਣ ਜਾ ਕੇ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ। ਗਰੋਹ ਵੱਲੋਂ ਪੰਜ ਬੱਚਿਆਂ ਤੇ ਇੱਕ ਗਰਭਵਤੀ ਮਹਿਲਾ ਨੂੰ 2019 ’ਚ ਵੈਨ ’ਚ ਲੱਦੇ ਟਾਇਰਾਂ ’ਚ ਛਿਪਾ ਕੇ ਲਿਆਂਦਾ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।